ਸੰਤੋਖ ਗਿੱਲ
ਰਾਏਕੋਟ, 6 ਅਕਤੂਬਰ
ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਕਰੀਬੀ ਕਿਸਾਨ ਆਗੂ ਕੁਲਦੀਪ ਸਿੰਘ ਕੱਦੂ ਵਾਸੀ ਪਿੰਡ ਜੌਹਲਾਂ ਖ਼ਿਲਾਫ਼ ਰਾਏਕੋਟ ਵਾਸੀ ਜਗਰੂਪ ਸਿੰਘ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਨੂੰ ਕਾਰ ਹੇਠ ਦਰੜਨ ਦੀ ਕੋਸ਼ਿਸ਼ ਦੇ ਕਰੀਬ ਇਕ ਮਹੀਨੇ ਬਾਅਦ ਥਾਣਾ ਰਾਏਕੋਟ (ਸ਼ਹਿਰੀ) ਪੁਲੀਸ ਨੇ ਕੇਸ ਦਰਜ ਕੀਤਾ ਹੈ। ਜਾਂਚ ਅਫ਼ਸਰ ਥਾਣੇਦਾਰ ਬਲਜੀਤ ਸਿੰਘ ਅਨੁਸਾਰ ਕੁਲਦੀਪ ਸਿੰਘ ਕੱਦੂ ਵੱਲੋਂ ਪੀੜਤ ਦੇ ਪਰਿਵਾਰ ਵੱਲੋਂ ਖ਼ਰੀਦੀ 3 ਏਕੜ ਜ਼ਮੀਨ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਵਜੋਂ 3 ਸਤੰਬਰ ਨੂੰ ਸੈਰ ਕਰਦੇ ਸਮੇਂ ਉਨ੍ਹਾਂ ਉੱਪਰ ਕਾਰ ਚੜ੍ਹਾਉਣ ਦੀ ਕਥਿਤ ਕੋਸ਼ਿਸ਼ ਕੀਤੀ ਗਈ ਸੀ। ਉਪ ਪੁਲੀਸ ਕਪਤਾਨ (ਜਾਂਚ) (ਲੁਧਿਆਣਾ ਦਿਹਾਤੀ) ਹਰਵਿੰਦਰ ਸਿੰਘ ਵੱਲੋਂ ਪੜਤਾਲ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।
ਪੀੜਤ ਜਗਰੂਪ ਸਿੰਘ ਤੇ ਉਸ ਦੀ ਪਤਨੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਜ਼ਮੀਨ ਉੱਪਰ ਸੱਤਾਧਾਰੀਆਂ ਦੀ ਕਥਿਤ ਸ਼ਹਿ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਵਜੋਂ ਇਤਰਾਜ਼ਯੋਗ ਸ਼ਬਦ ਵਰਤੇ ਗਏ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਰਾਤ ਵੇਲੇ ਘਰ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਵੀ ਕੀਤਾ ਗਿਆ ਸੀ। ਉਨ੍ਹਾਂ ਸਬੂਤ ਵਜੋਂ ਇਸ ਦੀ ਰਿਕਾਰਡਿੰਗ ਵੀ ਪੇਸ਼ ਕੀਤੀ। ਉਨ੍ਹਾਂ ਪੁਲੀਸ ’ਤੇ ਖ਼ੱਜਲ-ਖ਼ੁਆਰ ਕਰਨ ਦਾ ਦੋਸ਼ ਲਾਇਆ। ਜ਼ਿਕਰਯੋਗ ਹੈ ਕਿ ਕੁਲਦੀਪ ਸਿੰਘ ਉਰਫ਼ ਕੱਦੂ ਭਾਕਿਯੂ ਏਕਤਾ (ਡਕੌਂਦਾ) ਦੀ ਜੌਹਲਾਂ ਇਕਾਈ ਦਾ ਆਗੂ ਵੀ ਹੈ। ਉਸ ਦੇ ਖ਼ਿਲਾਫ਼ ਪੰਜਾਬ ਦੇ ਥਾਣਿਆਂ ਵਿਚ ਹੁਣ ਤੱਕ ਦਰਜਨਾਂ ਕੇਸ ਦਰਜ ਹਨ। ਦੱਸਣਾ ਬਣਦਾ ਹੈ ਕਿ ਕੁਲਦੀਪ ਕੱਦੂ ਆਮ ਆਦਮੀ ਪਾਰਟੀ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦੇ ਸਮਾਗਮ ਵਿੱਚ ਅਕਸਰ ਵੇਖੇ ਜਾਂਦੇ ਹਨ। ਅੱਜ ਵੀ ਦਾਣਾ ਮੰਡੀ ਸੁਧਾਰ ਵਿੱਚ ਝੋਨੇ ਦੀ ਖ਼ਰੀਦ ਸ਼ੁਰੂ ਕਰਾਉਣ ਸਮੇਂ ਕੁਲਦੀਪ ਸਿੰਘ ਵਿਧਾਇਕ ਨਾਲ ਮੌਜੂਦ ਸੀ।