ਮਹਿੰਦਰ ਸਿੰਘ ਰੱਤੀਆਂ
ਮੋਗਾ, 22 ਜੁਲਾਈ
ਧਰਮਕੋਟ ’ਚ ਅੱਜ ਸਵੇਰੇ ਹਥਿਆਰਬੰਦ ਨਕਾਬਪੋਸ਼ਾਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਗੱਡੀ ਸਮੇਤ ਅਗਵਾ ਕਰ ਲਿਆ। ਇਸ ਮਗਰੋਂ ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਅਗਵਾਕਾਰਾਂ ਨੂੰ ਤਿੰਨ ਘੰਟਿਆਂ ’ਚ ਹੀ ਦਬੋਚ ਲਿਆ।
ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪਿੰਡ ਸੰਗਲਾ ਦੇ ਰਹਿਣ ਵਾਲੇ ਸੁਖਦੇਵ ਸਿੰਘ ਦਾ ਧਰਮਕੋਟ ਵਿੱਚ ਮੈਡੀਕਲ ਸਟੋਰ ਹੈ। ਇਸ ਤੋਂ ਇਲਾਵਾ ਉਹ ਮਨੀ ਐਕਸਚੇਂਜ ਦਾ ਵੀ ਕੰਮ ਕਰਦਾ ਹੈ। ਅੱਜ ਸਵੇਰੇ ਤਕਰੀਬਨ 7 ਵਜੇ ਉਹ ਕਾਰ ’ਤੇ ਮੈਡੀਕਲ ਸਟੋਰ ਖੋਲ੍ਹਣ ਲਈ ਧਰਮਕੋਟ ਪੁੱਜਾ। ਇਸ ਦੌਰਾਨ ਜਦੋਂ ਉਹ ਗੱਡੀ ਪਾਰਕ ਕਰਨ ਲੱਗਿਆ ਤਾਂ ਉਥੇ ਪਹਿਲਾਂ ਹੀ ਘੁੰਮ ਰਹੇ ਦੋ ਨਕਾਬਪੋਸ਼ ਵਿਅਕਤੀਆਂ ਨੇ ਪਿਸਤੌਲ ਦਿਖਾ ਕੇ ਉਸ ਨੂੰ ਉਸੇ ਦੀ ਗੱਡੀ ਵਿੱਚ ਸੁੱਟ ਲਿਆ ਤੇ ਗੱਡੀ ਭਜਾ ਕੇ ਲੈ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਪਿੱਛਾ ਕਰਕੇ ਦੋਵੇਂ ਲੁਟੇਰੇ ਦਬੋਚ ਲਏ ਅਤੇ ਮੈਡੀਕਲ ਸਟੋਰ ਮਾਲਕ ਨੂੰ ਵੀ ਛੁਡਵਾ ਲਿਆ।
ਇਨ੍ਹਾਂ ’ਚੋਂ ਇੱਕ ਮੁਲਜ਼ਮ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਪਿੰਡ ਧੌਲਾ (ਬਰਨਾਲਾ) ਵਜੋਂ ਹੋਈ ਹੈ। ਬਰਨਾਲਾ ਵਿੱਚ ਉਸ ਖ਼ਿਲਾਫ਼ ਪਹਿਲਾਂ ਵੀ 6 ਕੇਸ ਦਰਜ ਹਨ ਅਤੇ ਉਹ ਜ਼ਮਾਨਤ ’ਤੇ ਬਾਹਰ ਆਇਆ ਸੀ। ਦੂਜੇ ਦੀ ਪਛਾਣ ਬੋਹੜ ਸਿੰਘ ਵਾਸੀ ਲੰਡੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਹ ਕਬੱਡੀ ਖਿਡਾਰੀ ਹੈ। ਪੁਲੀਸ ਮੁਤਾਬਕ ਵਾਰਦਾਤ ਦੀ ਜਾਂਚ ਦੌਰਾਨ ਇੱਕ ਔਰਤ ਨਾਲ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ।
ਇਸ ਤੋਂ ਇਲਾਵਾ ਪਿੰਡ ਬੁੱਟਰ ਕਲਾਂ ਵਿੱਚ ਵਾਪਰੀ ਗੋਲੀਬਾਰੀ ਦੀ ਘਟਨਾ ਵਿੱਚ ਅੱਜ ਪੁਲੀਸ ਨੇ ਦੋ ਮੁਲਜ਼ਮਾਂ ਗੁਰਦੀਪ ਸਿੰਘ ਤੇ ਹਰਦੀਪ ਸਿੰਘ ਵਾਸੀ ਬੁੱਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਕੇਸ ’ਚ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।