ਪਾਲ ਸਿੰਘ ਨੌਲੀ
ਜਲੰਧਰ, 3 ਫਰਵਰੀ
ਜਲੰਧਰ ਛਾਉਣੀ ਦੇ ਵੱਖ-ਵੱਖ ਮੁਹੱਲਿਆਂ ਵਿੱਚ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਚੋਣ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਨਾਗਪੁਰ ਦਾ ਏਜੰਡਾ ਲਾਗੂ ਕਰਨ ਦੀ ਤਾਕ ਵਿੱਚ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸਰਕਾਰ, ਭਾਜਪਾ ਤੇ ਆਰਐੱਸਐੱਸ ਦੀਆਂ ਨੀਤੀਆਂ ਦੀ ਹੀ ਹਮਾਇਤ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ-370 ਤੋੜਨ ਦੀ ਆਮ ਆਦਮੀ ਪਾਰਟੀ ਨੇ ਖੁੱਲ੍ਹ ਕੇ ਹਮਾਇਤ ਕੀਤੀ ਸੀ। ਇਸੇ ਤਰ੍ਹਾਂ ਜਦੋਂ ਮੋਦੀ ਸਰਕਾਰ ਨੇ ਤਿੰਨੋਂ ਖੇਤੀ ਕਾਨੂੰਨ ਪਾਸ ਕੀਤੇ ਸਨ ਤਾਂ ਸਭ ਤੋਂ ਪਹਿਲਾਂ ਦਿੱਲੀ ਵਿਧਾਨ ਸਭਾ ਨੇ ਉਨ੍ਹਾਂ ਨੂੰ ਹੋਰ ਅੱਗੇ ਵਧਾਉਣ ਲਈ ਮਤਾ ਪਾਸ ਕੀਤਾ ਸੀ। ਅੱਜ ਇਥੇ ਵਰ੍ਹਦੇ ਮੀਂਹ ਵਿੱਚ ਵੀ ਪਰਗਟ ਸਿੰਘ ਨੇ ਆਪਣਾ ਚੋਣ ਪ੍ਰਚਾਰ ਜਾਰੀ ਰੱਖਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੂੰ ਗਾਰੰਟੀਆਂ ਦੇ ਭਰਮ-ਭੁਲੇਖਿਆਂ ’ਚ ਪਾਉਣ ਵਾਲੇ ਅਰਵਿੰਦ ਕੇਜਰੀਵਾਲ, ਜਿਸ ਦਿੱਲੀ ਦੇ ਮੁੱਖ ਮੰਤਰੀ ਹਨ, ਉਥੇ ਘੱਟ ਗਿਣਤੀ ਲੋਕ ਸੁਰੱਖਿਅਤ ਨਹੀਂ ਰਹੀਆਂ। ਸਾਬਕਾ ਓਲੰਪੀਅਨ ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਤਿਰੰਗਾ ਯਾਤਰਾਵਾਂ ਕੱਢਣ ਦੀ ਨੀਤੀ ਆਰਐੱਸਐੱਸ ਅਤੇ ਭਾਜਪਾ ਦੀ ਹੈ। ਉਸੇ ਨੀਤੀ ਤਹਿਤ ਪੰਜਾਬ ਵਿੱਚ ਕੇਜਰੀਵਾਲ ਦੀ ਅਗਵਾਈ ਵਿੱਚ ਪਠਾਨਕੋਟ ਤੇ ਜਲੰਧਰ ਵਿੱਚ ਤਿਰੰਗਾ ਯਾਤਰਾਵਾਂ ਕੱਢੀਆਂ ਗਈਆਂ। ਇਨ੍ਹਾਂ ਯਾਤਰਾਵਾਂ ਲਈ ਟਿਕਟਾਂ ਦੇ ਚਾਹਵਾਨਾਂ ਕੋਲੋਂ ਮੋਟੀਆਂ ਰਕਮਾਂ ਵੀ ਵਸੂਲਣ ਦੀ ਚਰਚਾ ਜ਼ੋਰਾਂ ’ਤੇ ਰਹੀ ਸੀ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ-ਸਿੱਖ ਭਾਈਚਾਰਕ ਸਾਂਝ ਹਮੇਸ਼ਾਂ ਹੀ ਮਜ਼ਬੂਤ ਰਹੀ ਹੈ। ਭਾਜਪਾ ਤੇ ‘ਆਪ’ ਵਰਗੀਆਂ ਪਾਰਟੀਆਂ ਜਾਣ ਬੁੱਝ ਕੇ ਅਜਿਹਾ ਮਾਹੌਲ ਸਿਰਜਦੀਆਂ ਹਨ ਜਿਵੇਂ ਇਸ ਸੂਬੇ ਵਿੱਚ ਕੋਈ ਸਮਾਜਿਕ ਸੰਕਟ ਖੜ੍ਹਾ ਹੋ ਗਿਆ ਹੋਵੇ। ਜਦੋਂ ਸਮੁੱਚਾ ਪੰਜਾਬ ਸ਼ਾਂਤ ਹੈ ਤਾਂ ਪਟਿਆਲਾ ਵਿੱਚ ‘ਆਪ’ ਨੇ ਕਿਸ ਮਕਸਦ ਨਾਲ ਸ਼ਾਂਤੀ ਮਾਰਚ ਕੀਤਾ ਸੀ? ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕੀਤਾ ਕਿ ਦਿੱਲੀ ਦੇ ਇਨ੍ਹਾਂ ਧਾੜਵੀਆਂ ਤੋਂ ਬਚਣ ਦੀ ਲੋੜ ਹੈ, ਜਿਹੜੇ ਪੰਜਾਬੀਆਂ ਨੂੰ ਬੇਵਕੂਫ ਬਣਾ ਕੇ ਇਹ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਵਿੱਚ ਸਿਆਸਤ ਕਰਨੀ ਉਹੀ ਸਿਖਾਉਣਗੇ। ਇਹ ਇਕ ਤਰ੍ਹਾਂ ਨਾਲ ਪੰਜਾਬੀਅਤ ’ਤੇ ਲੁਕਵਾਂ ਹਮਲਾ ਕੀਤਾ ਜਾ ਰਿਹਾ ਹੈ।