ਗੁਰਬਖ਼ਸ਼ਪੁਰੀ
ਤਰਨ ਤਾਰਨ, 23 ਸਤੰਬਰ
ਜ਼ਿਲ੍ਹਾ ਪੁਲੀਸ ਨੇ ਬੀਤੀ ਅੱਧੀ ਰਾਤ ਨੂੰ ਕੌਮੀ ਸ਼ਾਹ ਮਾਰਗ ਤੋਂ ਇੱਥੋਂ ਦੇ ਮਾਝਾ ਕਾਲਜ ਫਾਰ ਵਿਮੈਨ ਨੇੜਿਓਂ ਅਮਰੀਕਾ ਤੋਂ ਆਪਣਾ ਮਾਡਿਊਲ ਚਲਾ ਰਹੇ ਦਰਮਨਜੋਤ ਸਿੰਘ ਕਾਹਲੋਂ ਦੇ ਸਾਥੀ ਨੂੰ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਦੇ ਤਿੰਨ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ| ਐੱਸਐੱਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁਲਜ਼ਮ ਪਰਮਿੰਦਰ ਸਿੰਘ ਪਿੰਦੀ ਕੋਲੋਂ 30 ਬੋਰ ਦਾ ਪਿਸਤੌਲ ਅਤੇ ਚਾਰ ਰੌਂਦ ਬਰਾਮਦ ਹੋਏ| ਮੁਲਜ਼ਮ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਹਰਸੀਆਂ ਦਾ ਵਾਸੀ ਹੈ। ਉਹ ਪੰਜਾਬ ਪੁਲੀਸ ਦੇ ਮੁਲਾਜ਼ਮ ਵਜੋਂ ਅੰਮ੍ਰਿਤਸਰ ਵਿੱਚ ਤਾਇਨਾਤ ਹੈ| ਉਹ ਆਈ-20 ਕਾਰ ਵਿੱਚ ਮੁਕੇਸ਼ ਕੁਮਾਰ ਵਾਸੀ ਜੰਬਾ ਥਾਣਾ ਨੀਲੋਖੇੜੀ (ਹਰਿਆਣਾ) ਸਣੇ ਦੋ ਹੋਰਨਾਂ ਨਾਲ ਇਲਾਕੇ ਦੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਲਈ ਆਇਆ ਸੀ। ਅਦਾਲਤ ਨੇ ਮੁਲਜ਼ਮ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ|