ਜਸਬੀਰ ਸਿੰਘ ਚਾਨਾ
ਫਗਵਾੜਾ, 14 ਜਨਵਰੀ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਇਥੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ ’ਚ ਕੀਤੀ ਇੱਕ ਵਿਸ਼ਾਲ ਰੈਲੀ ਮੌਕੇ ਕੁੱਝ ਰੁੱਸੇ ਕਾਂਗਰਸੀਆਂ ਨੂੰ ਇਕੱਠੇ ਨਾ ਕਰਨ ਦੇ ਮਾਮਲੇ ਸਬੰਧੀ ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ ਨੇ ਉਸੇ ਦਿਨ ਹੀ ਪਾਰਟੀ ਛੱਡਣ ਦਾ ਮਨ ਬਣਾ ਲਿਆ ਸੀ। ਪਿਛਲੇ 50 ਸਾਲਾਂ ਤੋਂ ਪਾਰਟੀ ਨਾਲ ਜੁੜੇ ਤੇ ਕਈ ਵਾਰ ਮੰਤਰੀ ਰਹੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ 2017 ਵਿੱਚ ਚੋਣ ਹਾਰ ਗਏ ਸਨ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਸਬੰਧ ਚੰਗੇ ਨਾ ਹੋਣ ਕਰਕੇ 2019 ਦੀਆਂ ਉੁਪ-ਚੋਣਾਂ ’ਚ ਉਨ੍ਹਾਂ ਦੀ ਟਿਕਟ ਕੱਟ ਕੇ ਸਾਬਕਾ ਆਈਏਐੱਸ ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਦਿੱਤੀ ਗਈ ਸੀ, ਜਿਸ ਦਾ ਮਾਨ ਨੇ ਉਸ ਸਮੇਂ ਤਿੱਖਾ ਵਿਰੋਧ ਕੀਤਾ ਸੀ। ਉਸ ਵੇਲੇ ਹੁਸ਼ਿਆਰਪੁਰ ਤੋਂ ਮੰਤਰੀ ਸ਼ਾਮ ਸੁੰਦਰ ਅਰੋੜਾ ਨੇ ਭੂਮਿਕਾ ਨਿਭਾ ਕੇ ਇਨ੍ਹਾਂ ਨੂੰ ਇਕੱਠੇ ਕਰ ਦਿੱਤਾ ਸੀ ਤੇ ਮਾਨ ਨੂੰ ਸਨਮਾਨਯੋਗ ਸਥਾਨ ਦੇਣ ਦਾ ਭਰੋਸਾ ਦਿੱਤਾ ਸੀ ਤੇ ਇਸ ਉਪਰੰਤ ਉਹ ਪੰਜਾਬ ਐਗਰੋ ਦੇ ਚੇਅਰਮੈਨ ਬਣ ਗਏ ਸਨ।
ਚੋਣ ਜਿੱਤਣ ਮਗਰੋਂ ਧਾਲੀਵਾਲ ਤੇ ਮਾਨ ਦਰਮਿਆਨ ਮਤਭੇਦ ਵਧ ਗਏ ਤੇ ਉਨ੍ਹਾਂ ਨੇ ਆਪਣੀ ਟੇਕ ਨਵਜੋਤ ਸਿੰਘ ਸਿੱਧੂ ’ਤੇ ਰੱਖ ਲਈ ਸੀ। ਕੈਪਟਨ ਦੇ ਸਰਕਾਰ ’ਚੋਂ ਲਾਂਭੇ ਹੋਣ ਮਗਰੋਂ ਫਗਵਾੜਾ ਪੁੱਜਣ ’ਤੇ ਸਿੱਧੂ ਦਾ ਭਰਵਾਂ ਸੁਆਗਤ ਕੀਤਾ ਗਿਆ ਪਰ ਧਾਲੀਵਾਲ ਦੇ ਹੱਕ ਵਿੱਚ ਹੋਈ ਰੈਲੀ ’ਚ ਦੌਰਾਨ ਮਾਨ ਸਮੇਤ ਇਥੋਂ ਦੇ ਕੁੱਝ ਹੋਰ ਆਗੂ ਗੈਰਹਾਜ਼ਰ ਰਹੇ। ਸਿੱਧੂ ਨੇ ਇਨ੍ਹਾਂ ਕਾਂਗਰਸੀਆਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਜਿਸ ਕਾਰਨ ਮਾਨ ਨੇ ਬੇਇੱਜ਼ਤੀ ਮਹਿਸੂਸ ਕਰਦਿਆਂ ਉਸ ਦਿਨ ਹੀ ਪਾਰਟੀ ਤੋਂ ਲਾਂਭੇ ਹੋਣ ਦਾ ਮਨ ਬਣਾ ਲਿਆ ਸੀ ਤੇ ਇਸ ਸਬੰਧੀ ਆਲ ਇੰਡੀਆ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਰੋਸ ਭਰਿਆ ਪੱਤਰ ਲਿਖ ਦਿੱਤਾ ਸੀ, ਜਿਸ ਮਗਰੋਂ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਛਿੜ ਗਈ ਸੀ ਕਿ ਹੁਣ ਮਾਨ ਜਲਦੀ ਹੀ ਕਾਂਗਰਸ ਛੱਡ ਸਕਦੇ ਹਨ।
‘ਆਪ’ ਵਿੱਚ ਸ਼ਾਮਲ ਹੋ ਸਕਦੇ ਹਨ ਮਾਨ
ਆਮ ਆਦਮੀ ਪਾਰਟੀ ਦੇ ਕੋਲ ਇਸ ਖੇਤਰ ’ਚ ਕੋਈ ਵੱਡਾ ਚਿਹਰਾ ਨਹੀਂ ਹੈ। ਹੁਣ ਇਹ ਚਰਚਾ ਹੈ ਕਿ ਮਾਨ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣਗੇ। ਮਾਨ ਦਾ ਲੋਕਾਂ ਨਾਲ ਚੰਗਾ ਸੰਪਰਕ ਹੋਣ ਕਰਕੇ ਉਹ ਆਪਣਾ ਕਾਫ਼ੀ ਆਧਾਰ ਰੱਖਦੇ ਹਨ। 2017 ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਨੰਗਲ ਨੂੰ 32 ਹਜ਼ਾਰ 374 ਵੋਟਾਂ ਮਿਲੀਆਂ ਸਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਉਹ ਹੁਣ ਆਮ ਆਦਮੀ ਪਾਰਟੀ ਵੱਲੋਂ ਸੀਟ ਲੜਦੇ ਹਨ ਤਾਂ ਇਹ ਸੀਟ ਕਾਂਗਰਸ ਤੇ ਹੋਰ ਪਾਰਟੀਆਂ ਨੂੰ ਮਿਲਣੀ ਸੌਖੀ ਨਹੀਂ।