ਚਰਨਜੀਤ ਭੁੱਲਰ
ਚੰਡੀਗੜ੍ਹ, 13 ਅਕਤੂਬਰ
ਜੱਲ੍ਹਿਆਂਵਾਲਾ ਬਾਗ਼ ਦੇ ਮੂਲ ਸਰੂਪ ਦੀ ਬਹਾਲੀ ਲਈ ਲੜ ਰਹੀਆਂ ਜਨਤਕ ਧਿਰਾਂ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਇਸ ਮੁੱਦੇ ਸਬੰਧੀ ਵਿਸਥਾਰ ’ਚ ਗੱਲਬਾਤ ਕਰਨ ਦੀ ਥਾਂ ਸਿਰਫ਼ ਦੋ ਮਿੰਟਾਂ ਵਿੱਚ ਗੱਲਬਾਤ ਨਬਿੇੜਨ ਦਾ ਦੋਸ਼ ਲਾਇਆ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਜੱਲ੍ਹਿਆਂਵਾਲਾ ਬਾਗ਼ ਦੇ ਨਵੀਨੀਕਰਨ ਦਾ ਵਿਰੋਧ ਕਰਨ ਵਾਲੀਆਂ ਜਨਤਕ ਧਿਰਾਂ ਨੂੰ ਅੱਜ ਮੀਟਿੰਗ ਲਈ ਸੱਦਿਆ ਸੀ, ਜਿਸ ਲਈ ਅੱਜ ਇੱਕ ਵਫ਼ਦ ਉਨ੍ਹਾਂ ਨੂੰ ਮਿਲਣ ਲਈ ਪੁੱਜਿਆ ਸੀ। ਮੀਟਿੰਗ ਵਿੱਚ ਪੂਰੀ ਗੱਲਬਾਤ ਸੁਣਨ ਦੀ ਥਾਂ ਮੁੱਖ ਮੰਤਰੀ ਵੱਲੋਂ ਮਹਿਜ਼ ਦੋ ਮਿੰਟਾਂ ਵਿੱਚ ਹੀ ਗੱਲ ਮੁਕਾ ਦੇਣ ਤੋਂ ਜਨਤਕ ਧਿਰਾਂ ਸੰਤੁਸ਼ਟ ਨਹੀਂ ਹਨ। ਇਸ ਮਗਰੋਂ ਹੁਣ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ਹੇਠ ਜਨਤਕ ਧਿਰਾਂ ਵੱਲੋਂ 22 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ।
ਅੱਜ ਮੁੱਖ ਮੰਤਰੀ ਨੂੰ ਮਿਲਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪਰਮਿੰਦਰ ਸਿੰਘ ਤੇ ਅਜਮੇਰ ਸਿੰਘ, ਜੱਲ੍ਹਿਆਂਵਾਲਾ ਬਾਗ਼ ਸੰਘਰਸ਼ ਕਮੇਟੀ ਦੇ ਜਸਵੰਤ ਸਿੰਘ ਘੁੰਮਣ, ਰਮੇਸ਼ ਯਾਦਵ, ਭਾਰਤੀ ਕਿਸਾਨ ਯੂਨੀਅਨ ਦੇ ਲਖਵਿੰਦਰ ਸਿੰਘ ਮੰਝਿਆ ਵਾਲੀ, ਨੌਜਵਾਨ ਭਾਰਤ ਸਭਾ ਦੇ ਰੁਪਿੰਦਰ ਸਿੰਘ ਸੰਗਰੂਰ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਰਣਬੀਰ ਸਿੰਘ ਰੰਧਾਵਾ ਪੁੱਜੇ ਸਨ। ਇਸ ਸੱਤ ਮੈਂਬਰੀ ਵਫ਼ਦ ’ਚੋਂ ਮੁੱਖ ਮੰਤਰੀ ਨੇ ਅਜਮੇਰ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਹੀ ਮੀਟਿੰਗ ਵਿੱਚ ਬੁਲਾਇਆ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚੰਨੀ ਨੇ ਇਸ ਮਹੱਤਵਪੂਰਨ ਮੁੱਦੇ ’ਤੇ ਸਿਰਫ਼ ਖੜ੍ਹ ਕੇ ਦੋ ਮਿੰਟ ਲਈ ਹੀ ਗੱਲ ਕੀਤੀ। ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰੋ. ਪਰਮਿੰਦਰ ਸਿੰਘ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਮਗਰੋਂ ਦੱਸਿਆ ਕਿ ਵਫ਼ਦ ਚਾਹੁੰਦਾ ਸੀ ਕਿ ਇਤਿਹਾਸਕਾਰਾਂ ਦੀ ਕਮੇਟੀ ਸੂਬਾ ਸਰਕਾਰ ਵੱਲੋਂ ਤਿਆਰ ਕੀਤੀ ਜਾਵੇ, ਜਿਸ ਦੀਆਂ ਸਿਫ਼ਾਰਸ਼ਾਂ ਸਰਕਾਰ ਕੇਂਦਰ ਕੋਲ ਭੇਜੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਇਸ ਸਬੰਧੀ ਕੋਈ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ ਤੇ ਮੁੱਖ ਮੰਤਰੀ ਨੇ ਸਿਰਫ਼ ਵਫ਼ਦ ਵੱਲੋਂ ਦਿੱਤਾ ਮੈਮੋਰੰਡਮ ਹੀ ਕੇਂਦਰ ਨੂੰ ਭੇਜਣ ਦੀ ਗੱਲ ਆਖੀ ਹੈ।
ਵਫ਼ਦ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਵੀ ਇਸ ਮਾਮਲੇ ’ਤੇ ਸਿਰਫ਼ ਖਾਨਾਪੂਰਤੀ ਹੀ ਕਰ ਰਹੀ ਹੈ, ਜਿਸ ਦੇ ਵਿਰੋਧ ਵਿੱਚ 22 ਅਕਤੂਬਰ ਨੂੰ ਅੰਮ੍ਰਿਤਸਰ ਵਿੱਚ ਮੁਜ਼ਾਹਰਾ ਕੀਤਾ ਜਾਵੇਗਾ। ਪੰਜਾਬ ਸਟੂਡੈਂਟ ਯੂਨੀਅਨ ਦੇ ਰਣਬੀਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਚੰਨੀ ਦੇ ਲਹਿਜ਼ੇ ਤੋਂ ਅੱਜ ਸਾਫ਼ ਹੋ ਗਿਆ ਹੈ ਕਿ ਪੰਜਾਬ ਸਰਕਾਰ ਨੇ ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਦੀ ਬਹਾਲੀ ਲਈ ਧਿਰ ਬਣਨ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਰਕੇ ਵਿਰੋਧ ਜਾਰੀ ਰਹੇਗਾ।