ਸਰਬਜੀਤ ਸਿੰਘ ਭੰਗੂ
ਪਟਿਆਲਾ, 28 ਮਈ
ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਸਾਬਕਾ ਕੌਮਾਂਤਰੀ ਭਲਵਾਨ ਜਗਦੀਸ਼ ਭੋਲਾ ਨੂੰ ਅੱਜ ਇਥੋਂ ਗੁਰਦਾਸਪੁਰ ਜੇਲ੍ਹ ’ਚ ਤਬਦੀਲ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਦੋ ਦਿਨ ਪਹਿਲਾਂ ਭੋਲਾ ਕੇ ਕਬਜ਼ੇ ਵਿੱਚੋਂ ਮੋਬਾਈਲ ਫੋਨ ਤੇ ਸਿੰਮ ਕਾਰਡ ਬਰਾਮਦ ਹੋਣ ਮਗਰੋਂ ਕੀਤੀ ਗਈ ਹੈ। ਰੁਸਤਮ-ਏ-ਹਿੰਦ ਅਤੇ ਡੀਐੱਸਪੀ ਰਹੇ ਜਗਦੀਸ਼ ਭੋਲਾ ਦੇ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਖ਼ਤਰਨਾਕ ਗੈਂਗਸਟਰਾਂ ਅਤੇ ਹੋਰ ਨਾਮੀ ਅਪਰਾਧੀਆਂ ਨਾਲ ਸਬੰਧ ਹੋਣ ਕਾਰਨ ਜੇਲ੍ਹ ਵਿੱਚ ਪਹਿਲਾਂ ਹੀ ਉਸ ਪ੍ਰਤੀ ਚੌਕਸੀ ਵਰਤੀ ਜਾ ਰਹੀ ਸੀ।
ਜਾਣਕਾਰੀ ਅਨੁਸਾਰ ਇਥੇ ਕੁਝ ਹੀ ਦਿਨ ਪਹਿਲਾਂ ਤਾਇਨਾਤ ਕੀਤੇ ਗਏ ਨਵੇਂ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਜਗਦੀਸ਼ ਭੋਲਾ ਕੋਲੋਂ ਮੋਬਾਈਲ ਫੋਨ ਤੇ ਸਿੰਮ ਕਾਰਡ ਬਰਮਾਦ ਕੀਤਾ ਗਿਆ ਸੀ। ਪਤਾ ਲੱਗਾ ਹੈ ਕਿ ਇਸ ਸਬੰਧੀ ਜੇਲ੍ਹ ਦੇ ਉੱਚ ਅਧਿਕਾਰੀਆਂ ਨੇ ਵੀ ਸੁਪਰਡੈਂਟ ਦੀ ਪਿੱੱਠ ਥਾਪੜੀ ਹੈ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਵਿੱਚ ਜੇਲ੍ਹ ਮੰਤਰੀ ਬਣੇ ਹਰਜੋਤ ਸਿੰਘ ਬੈਂਸ ਨੇ ਜੇਲ੍ਹਾਂ ਵਿੱਚ ਮੋਬਾਈਲ ਫੋਨ ਮਿਲਣ ਦੀਆਂ ਘਟਨਾਵਾਂ ਨੂੰ ਠੱਲ੍ਹਣ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਦਾ ਆਗਾਜ਼ ਉਨ੍ਹਾਂ ਪਟਿਆਲਾ ਜੇਲ੍ਹ ਦੀ ਫੇਰੀ ਨਾਲ ਹੀ ਕੀਤਾ ਸੀ।
ਖਾਸ ਕਰਕੇ ਪਟਿਆਲਾ ਜੇਲ੍ਹ ਦਾ ਸੁਧਾਰ ਕਰਨ ਲਈ ਜੇਲ੍ਹ ਮੰਤਰੀ ਵੱਲੋਂ ਪਿਛਲੇ ਦਿਨੀਂ ਤਾਇਨਾਤ ਕੀਤੇ ਗਏ ਜੇਲ੍ਹ ਸੁਪਰਡੈਂਟ ਨੇ ਪਿਛਲੇ ਦਿਨਾਂ ਦੋਰਾਨ ਜੇਲ੍ਹ ਵਿੱਚੋਂ ਲਗਪਗ 50 ਮੋਬਾਈਲ ਫੋਨ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਸ਼ ਭੋਲਾ ਨੇ ਇਹ ਮੋਬਾਈਲ ਫੋਨ ਧਾਰਮਿਕ ਪੋਥੀਆਂ ਤੇ ਅਜਿਹੀ ਹੋਰ ਸਮੱਗਰੀ ਰੱੱਖਣ ਲਈ ਵਿਸ਼ੇਸ਼ ਤੌਰ ’ਤੇ ਬਣਵਾਏ ਲੱਕੜ ਦੇ ਇੱਕ ਰੈਕ ਵਿੱਚ ਲੁਕਵਾਂ ਖਾਨਾ ਬਣਵਾ ਕੇ ਰੱਖਿਆ ਹੋਇਆ ਸੀ। ਇਸ ਕਾਰਵਾਈ ਮਗਰੋਂ ਪਟਿਆਲਾ ਜੇਲ੍ਹ ’ਚ ਸਾਲ ਭਰ ਤੋਂ ਬੰਦ ਜਗਦੀਸ਼ ਭੋਲਾ ਨੂੰ ਅੱਜ ਗੁਰਦਾਸਪੁਰ ਭੇਜ ਦਿੱਤਾ ਗਿਆ ਹੈ। ਚੰਡੀਗੜ੍ਹ ਸਥਿਤ ਇੱਕ ਉੱਚ ਜੇਲ੍ਹ ਅਧਿਕਾਰੀ ਨੇ ਭੋਲਾ ਦੀ ਜੇਲ੍ਹ ਤਬਦੀਲੀ ਦੀ ਪੁਸ਼ਟੀ ਕੀਤੀ ਹੈ।