ਨਿੱਜੀ ਪੱਤਰ ਪ੍ਰੇਰਕ
ਖੰਨਾ, 11 ਅਪਰੈਲ
ਇੱਥੋਂ ਦੇ ਸਮਰਾਲਾ ਰੋਡ ’ਤੇ ਸਥਿਤ ਕਬਾੜ ਦੀ ਦੁਕਾਨ ਵਿੱਚ ਬੀਤੇ ਦਿਨੀਂ ਹੋਏ ਧਮਾਕੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੋਂ ਦੇ ਵਾਰਡ ਨੰਬਰ-29, ਮਾਡਲ ਟਾਊਨ ਵਿੱਚ ਲੰਬੇ ਸਮੇਂ ਤੋਂ ਕਬਾੜ ਦਾ ਕਾਰੋਬਾਰ ਚੱਲਦਾ ਹੈ। ਇੱਥੇ ਪੁਰਾਣੀਆਂ ਗੱਡੀਆਂ ਨੂੰ ਕਬਾੜ ਬਣਾ ਕੇ ਵੇਚਿਆ ਜਾਂਦਾ ਹੈ। ਸ਼ਨਿਚਰਵਾਰ ਨੂੰ ਇੱਥੇ ਕਬਾੜ ਦੇ ਗੁਦਾਮ ਵਿੱਚ ਸਤਪਾਲ ਸਿੰਘ ਪੁਰਾਣੇ ਤੇਲ ਦੇ ਟੈਂਕਰ ਨੂੰ ਕੱਟ ਰਿਹਾ ਸੀ। ਇਸੇ ਦੌਰਾਨ ਟੈਂਕਰ ਦੀ ਟੈਂਕੀ ਵਿੱਚ ਧਮਾਕਾ ਹੋ ਗਿਆ ਸੀ ਤੇ ਅੱਗ ਲੱਗ ਗਈ ਜਿਸ ਕਾਰਨ ਸਤਪਾਲ ਸਿੰਘ ਬੁਰੀ ਤਰ੍ਹਾਂ ਝੁਲਸ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਅੱਜ ਉਸ ਦੀ ਮੌਤ ਹੋ ਗਈ। ਥਾਣੇਦਾਰ ਭੁਪਿੰਦਰ ਸਿੰਘ ਅਨੁਸਾਰ ਇਸ ਮਾਮਲੇ ਸਬੰਧੀ ਧਾਰਾ-174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।