ਦਵਿੰਦਰ ਪਾਲ
ਚੰਡੀਗੜ੍ਹ, 5 ਜੂਨ
ਇੱਥੇ ਕੇਂਦਰੀ ਸਿੰਘ ਸਭਾ ਦੇ ਕੈਂਪਸ ਵਿੱਚ ਅੱਜ ਸਾਕਾ ਨੀਲਾ ਤਾਰਾ ਫ਼ੌਜੀ ਹਮਲੇ ਦੀ ਬਰਸੀ ਸਬੰਧੀ ਸੈਮੀਨਾਰ ਕਰਵਾਇਆ ਗਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ, ਕਿਸਾਨ ਆਗੂ ਰੁਲਦੂ ਸਿੰਘ, ਸੀਪੀਆਈਐੱਮਐਲ (ਲਬਿਰੇਸ਼ਨ) ਦੇ ਸੈਂਟਰਲ ਕਮੇਟੀ ਮੈਂਬਰ ਸੁਖਦਰਸ਼ਨ ਨੱਤ, ਡਾ. ਪਿਆਰੇ ਲਾਲ ਗਰਗ, ਡਾ. ਰੌਣਕੀ ਰਾਮ ਅਤੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਸਮੇਤ ਹੋਰਾਂ ਨੇ ਸੰਬੋਧਨ ਕੀਤਾ। ਇਸ ਮੌਕੇ ਰਾਜੇਵਾਲ ਨੇ ਕਿਹਾ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਅੰਗਰੇਜ਼ਾਂ ਵਾਲੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਦਿਆਂ ਸ਼ਾਂਤਮਈ ਧਰਮਯੁੱਧ ਮੋਰਚੇ ਨੂੰ ਵੱਖਵਾਦੀ ਅਤੇ ਦੇਸ਼ ਦੀ ਏਕਤਾ ਲਈ ਖਤਰਾ ਪੇਸ਼ ਕਰ ਕੇ ਦਰਬਾਰ ਸਾਹਿਬ ’ਤੇ ਹਮਲਾ ਕਰਵਾਇਆ। ਇੰਦਰਾ ਗਾਂਧੀ ਦੀ ਸਰਕਾਰ ਨੇ ਸਿੱਖਾਂ ਅਤੇ ਹਿੰਦੂਆਂ ਵਿਚਾਲੇ ਪਾੜਾ ਪਾਇਆ। ਸੁਖਦਰਸ਼ਨ ਨੱਤ ਨੇ ਕਿਹਾ ਕਿ ਸਾਕਾ ਨੀਲਾ ਤਾਰਾ ਨੇ ਪੰਜਾਬ ਨੂੰ ਲੰਮੀ ਬਰਬਾਦੀ ਦੇ ਰਾਹ ਤੋਰਿਆ ਤੇ ਦੇਸ਼ ਦੀ ਸਮੁੱਚੀ ਸਿਆਸਤ ਨੂੰ ਧਰਮ ਨਿਰਪੱਖ ਜਮਹੂਰੀਅਤ ’ਚੋਂ ਕੱਢ ਕੇ ਫਿਰਕਾਪ੍ਰਸਤ ਰਾਸ਼ਟਰਵਾਦੀ ਰਾਜਨੀਤੀ ਦੇ ਰਾਹ ਪਾ ਦਿੱਤਾ। ਡਾ. ਪਿਆਰੇ ਲਾਲ ਗਰਗ ਨੇ ਕਿਹਾ ਸਾਕਾ ਨੀਲਾ ਤਾਰਾ ਵੇਲੇ ਮਨੁੱਖੀ ਕਦਰਾਂ ਕੀਮਤਾਂ ਦਾ ਵੱਡੇ ਪੱਧਰ ’ਤੇ ਹੋਇਆ। ਡਾ. ਮੇਘਾ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੇ ਸਾਕਾ ਨੀਲਾ ਤਾਰਾ ਦੀ ਜਨਨੀ ਸਿਆਸਤ ਨੂੰ ਢੁਕਵਾਂ ਜਵਾਬ ਦਿੱਤਾ ਹੈ। ਇਸ ਮੌਕੇ ਪ੍ਰਧਾਨਗੀ ਮੰਡਲ ਵੱਲੋਂ ਮੇਘਾ ਸਿੰਘ ਦੀ ਕਿਸਾਨੀ ਮਸਲਿਆਂ ਨਾਲ ਸਬੰਧਤ ਪੁਸਤਕ ਅਤੇ ਰਾਜਵਿੰਦਰ ਸਿੰਘ ਰਾਹੀ ਦੀ ਸੰਪਾਦਤ ਪੁਸਤਕ ‘ਅੱਖੀਂ ਡਿੱਠਾ ਅਪਰੇਸ਼ਨ ਬਲਿਊ ਸਟਾਰ’ ਰਿਲੀਜ਼ ਕੀਤੀ ਗਈ।