ਆਤਿਸ਼ ਗੁਪਤਾ
ਚੰਡੀਗੜ੍ਹ, 26 ਫਰਵਰੀ
ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆ ਵਿੱਚ ਅੱਜ ਗੜ੍ਹੇ ਪੈਣ ਅਤੇ ਮੋਹਲੇਧਾਰ ਮੀਂਹ ਨੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਕਣਕ ਦੀ ਫ਼ਸਲ ਤਿਆਰ ਖੜ੍ਹੀ ਹੈ ਪਰ ਗੜ੍ਹੇ ਪੈਣ, ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਇਸ ਦੇ ਡਿੱਗਣ ਦਾ ਖ਼ਦਸ਼ਾ ਬਣ ਗਿਆ ਹੈ। ਉਧਰ ਸਬਜ਼ੀਆਂ ਵੀ ਮੌਸਮ ਦੀ ਮਾਰ ਹੇਠ ਆ ਗਈਆਂ ਹਨ। ਪਹਾੜੀ ਇਲਾਕਿਆਂ ’ਚ ਬਰਫ਼ ਪੈਣ ਅਤੇ ਮੈਦਾਨਾਂ ’ਚ ਤੇਜ਼ ਮੀਂਹ ਤੇ ਠੰਢੀਆਂ ਹਵਾਵਾਂ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ।
ਦੋਵੇਂ ਸੂਬਿਆਂ ਦਾ ਤਾਪਮਾਨ ਅੱਜ ਆਮ ਨਾਲੋਂ ਹੇਠਾਂ ਡਿੱਗ ਗਿਆ ਹੈ। ਮੌਸਮ ਵਿਭਾਗ ਨੇ ਦੱਸਿਆ ਕਿ 27, 28 ਫਰਵਰੀ ਅਤੇ 1 ਮਾਰਚ ਨੂੰ ਮੌਸਮ ਸਾਫ਼ ਰਹੇਗਾ ਜਦੋਂ ਕਿ 2 ਮਾਰਚ ਨੂੰ ਦੋਵੇਂ ਸੂਬਿਆਂ ਦੇ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ। ਪੰਜਾਬ ਭਰ ਵਿੱਚ ਲੰਘੀ ਰਾਤ ਤੋਂ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਜੋ ਅੱਜ ਦੁਪਹਿਰ ਤੱਕ ਰੁਕ-ਰੁਕ ਕੇ ਪੈਂਦਾ ਰਿਹਾ। ਲੁਧਿਆਣਾ, ਸਾਹਨੇਵਾਲ, ਖੰਨਾ ਅਤੇ ਹੋਰ ਇਲਾਕਿਆਂ ਵਿੱਚ ਗੜ੍ਹੇ ਪਏ ਹਨ। ਕਈ ਥਾਵਾਂ ’ਤੇ ਕਣਕ ਦੀ ਫ਼ਸਲ ਵਿਛ ਗਈ। ਦੂਜੇ ਪਾਸੇ ਹਰਿਆਣਾ ਦੇ ਸਿਰਸਾ, ਭਿਵਾਨੀ ਅਤੇ ਹੋਰ ਨਾਲ ਲਗਦੇ ਇਲਾਕਿਆਂ ਵਿੱਚ ਵੀ ਗੜ੍ਹੇ ਪਏ ਹਨ। ਹਰਿਆਣਾ ਵਿੱਚ ਭਿੰਡੀ, ਤੋਰੀ ਸਣੇ ਹੋਰ ਸਬਜ਼ੀਆਂ ਵੀ ਨੁਕਸਾਨੀਆਂ ਗਈਆਂ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ 5.4 ਮਿਲੀਮੀਟਰ, ਅੰਮ੍ਰਿਤਸਰ ’ਚ 18, ਲੁਧਿਆਣਾ ਵਿੱਚ 26, ਪਠਾਨਕੋਟ ’ਚ 2.6, ਪਟਿਆਲਾ ’ਚ 2.3, ਗੁਰਦਾਸਪੁਰ ’ਚ 16.9, ਨਵਾਂ ਸ਼ਹਿਰ ’ਚ 3.6, ਫਿਰੋਜ਼ਪੁਰ ’ਚ 17, ਹੁਸ਼ਿਆਰਪੁਰ ’ਚ 14, ਜਲੰਧਰ ’ਚ 15.5, ਮੋਗਾ ’ਚ ਇਕ, ਮੁਹਾਲੀ ’ਚ 4, ਅਤੇ ਰੋਪੜ ’ਚ 12.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਮੀਂਹ ਕਰਕੇ ਸੂਬੇ ’ਚ ਤਾਪਮਾਨ ਵੀ ਆਮ ਨਾਲੋਂ 5 ਤੋਂ 6 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਹਰਿਆਣਾ ਵਿੱਚ ਅੰਬਾਲਾ ’ਚ 2.7 ਮਿਲੀਮੀਟਰ, ਕਰਨਾਲ ’ਚ 9.5, ਰੋਹਤਕ ’ਚ 3.6, ਗੁਰੂਗ੍ਰਾਮ ’ਚ 1, ਸਿਰਸਾ ’ਚ 11, ਕਰਨਾਲ ’ਚ 5.5, ਕੁਰੂਕਸ਼ੇਤਰ ’ਚ 12 ਅਤੇ ਯਮੁਨਾਨਗਰ ’ਚ 10 ਮਿਲੀਮੀਟਰ ਮੀਂਹ ਪਿਆ ਹੈ।
ਫ਼ਸਲਾਂ ਦਾ ਜਾਇਜ਼ਾ ਲਿਆ ਜਾਵੇਗਾ: ਡਾਇਰੈਕਟਰ ਖੇਤੀਬਾੜੀ
ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਗੁਰਵਿੰਦਰ ਸਿੰਘ ਰਾਹੀ ਨੇ ਕਿਹਾ ਕਿ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਗੜ੍ਹੇ ਪੈਣ ਅਤੇ ਮੀਂਹ ਕਾਰਨ ਫ਼ਸਲਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਉਂਜ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ ਫ਼ਸਲਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਸ ਤੋਂ ਬਾਅਦ ਰਿਪੋਰਟ ਤਿਆਰ ਕੀਤੀ ਜਾਵੇਗੀ।