ਅਮਿਤ ਕੁਮਾਰ
ਬੁਢਲਾਡਾ, 8 ਅਗਸਤ
ਸ਼ਹਿਰ ਅੰਦਰ ਦੁਕਾਨਾਂ ਅੱਗਿਓਂ ਆਰਜ਼ੀ ਅਤੇ ਪੱਕੇ ਨਾਜਾਇਜ਼ ਕਬਜ਼ੇ ਹਟਾਉਣ ਆਈ ਨਗਰ ਕੌਂਸਲ ਬੁਢਲਾਡਾ ਦੀ ਟੀਮ ਅਤੇ ਦੁਕਾਨਦਾਰਾਂ ਵਿਚਕਾਰ ਤਕਰਾਰ ਹੋ ਗਈ। ਇਸ ਮੌਕੇ ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਛੋਟੇ ਦੁਕਾਨਦਾਰਾਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਸ਼ਹਿਰ ਦੇ ਕੁਝ ਰਸੂਖ਼ ਵਾਲੇ ਵੱਡੇ ਦੁਕਾਨਦਾਰਾਂ ਵੱਲੋਂ ਦਹਾਕਿਆਂ ਤੋਂ ਪੱਕੇ ਨਾਜਾਇਜ਼ ਤੇ ਆਰਜ਼ੀ ਕਬਜ਼ੇ ਕੀਤੇ ਹੋਏ ਹਨ। ਇਹ ਸਾਰੇ ਨਾਜਾਇਜ਼ ਕਬਜ਼ੇ ਨਗਰ ਕੌਂਸਲ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਜਾਣਕਾਰੀ ’ਚ ਹਨ ਪਰ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਨਗਰ ਕੌਂਸਲ ਦੇ ਅਧਿਕਾਰੀ ਵਾਰ-ਵਾਰ ਛੋਟੇ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਦੁਕਾਨਾਂ ਦੀ ਭੰਨ-ਤੋੜ ਕਰਦੇ ਹਨ। ਵੱਡੀ ਗਿਣਤੀ ’ਚ ਇਕੱਠੇ ਹੋਏ ਦੁਕਾਨਦਾਰਾਂ ਅਤੇ ਸ਼ਹਿਰੀਆਂ ਦੇ ਰੋਹ ਨੂੰ ਸ਼ਾਂਤ ਕਰਦਿਆ ਡੀ.ਐੱਸ.ਪੀ. ਬਲਜਿੰਦਰ ਸਿੰਘ ਪੰਨੂ ਨੇ ਸਥਿਤੀ ਨੂੰ ਵਿਗੜਨ ਤੋਂ ਬਚਾ ਲਿਆ। ਡੀਐੱਸਪੀ ਨੇ ਸ਼ਹਿਰ ਦੇ ਕੁਝ ਜ਼ਿੰਮੇਵਾਰ ਵਿਅਕਤੀਆਂ ਦੀ ਸਥਾਨਕ ਐੱਸਡੀਐੱਮ ਨਾਲ ਮੀਟਿੰਗ ਕਰਵਾਈ।
ਇਸ ਮੌਕੇ ਸ਼ਹਿਰੀਆਂ ਤੇ ਦੁਕਾਨਦਾਰਾਂ ਨੇ ਐੱਸਡੀਐੱਮ ਬੁਢਲਾਡਾ ਸਾਗਰ ਸੇਤੀਆ ਨੂੰ ਰਸੂਖ ਵਾਲੇ ਅਮੀਰ ਦੁਕਾਨਦਾਰਾਂ ਵੱਲੋਂ ਪੱਕੇ ਤੌਰ ਉੱਤੇ ਕੀਤੇ ਨਾਜਾਇਜ਼ ਕਬਜ਼ਿਆਂ ਬਾਰੇ ਜਾਣਕਾਰੀ ਦਿੱਤੀ ਤੇ ਸ਼ਹਿਰ ’ਚ ਗੰਦੇ ਪਾਣੀ ਦੀ ਨਿਕਾਸੀ ਦੇ ਮਾੜੇ ਪ੍ਰਬੰਧ, ਬੰਦ ਸੀਵਰੇਜ ਸਿਸਟਮ ਦੇ ਦੁਖੜੇ ਵੀ ਰੋਏ। ਐੱਸ.ਡੀ.ਐੱਮ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਲੋਕਾਂ ਦਾ ਸਹਿਯੋਗ ਮੰਗਦਿਆਂ ਆਰਜ਼ੀ ਨਾਜਾਇਜ਼ ਕਬਜ਼ੇ ਖ਼ੁਦ ਹਟਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦੁਆਇਆ ਕਿ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕਾਰਜਸਾਧਕ ਅਫ਼ਸਰ ਵਿਜੇ ਜਿੰਦਲ ਅਤੇ ਐੱਸਐੱਚਓ ਜਸਵਿੰਦਰ ਸਿੰਘ ਵੀ ਹਾਜ਼ਰ ਸਨ।