ਅਜੇ ਮਲਹੋਤਰਾ
ਫ਼ਤਹਿਗੜ੍ਹ ਸਾਹਿਬ, 7 ਦਸੰਬਰ
ਮੰਡੀ ਗੋਬਿੰਦਗੜ੍ਹ ਦੇ ਸਿਵਲ ਹਸਪਤਾਲ ਵਿੱਚ ਦਵਾਈ ਲੈਣ ਆਏ ਪਿਓ-ਪੁੱਤਰ ’ਤੇ ਕੁਝ ਨੌਜਵਾਨਾਂ ਵੱਲੋਂ ਕੀਤੇ ਗਏ ਹਮਲੇ ’ਚ ਪੁੱਤਰ ਦਾ ਹੱਥ, ਬਾਂਹ ਨਾਲੋਂ ਵੱਖ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਗੋਬਿੰਦਗੜ੍ਹ ਦੇ ਕੁੱਕੜਮਾਜਰਾ ਇਲਾਕੇ ਦੇ ਵਸਨੀਕ ਅਵਤਾਰ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਵਿੱਚ ਆਪਣੇ ਪੁੱਤਰ ਅਮਨਦੀਪ ਸਿੰਘ ਨਾਲ ਦਵਾਈ ਲੈਣ ਆਇਆ ਸੀ। ਉਹ ਹਸਪਤਾਲ ਅੱਗੇ ਖੜ੍ਹੇ ਸਨ ਤਾਂ ਇੱਕ ਕਾਰ ਵਿੱਚ ਸਵਾਰ ਹੋ ਕੇ ਆਏ ਛੇ ਨੌਜਵਾਨਾਂ ਨੇ ਉਨਾਂ ਨੂੰ ਘੇਰ ਲਿਆ। ਇਨਾਂ ਨੌਜਵਾਨਾਂ ’ਚੋਂ ਗੁਰਦੀਪ ਸਿੰਘ ਗਾਂਧੀ ਨਾਂ ਦੇ ਨੌਜਵਾਨ ਨੇ ਕਿਰਪਾਨ ਨਾਲ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਪੁੱਤਰ ਅਮਨਦੀਪ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਅਮਨਦੀਪ ਦਾ ਸੱਜਾ ਹੱਥ ਬਾਂਹ ਤੋਂ ਵੱਖ ਹੋ ਕੇ ਜ਼ਮੀਨ ’ਤੇ ਡਿੱਗ ਪਿਆ। ਉਸ ਤੋਂ ਬਾਅਦ ਵੀ ਗੁਰਦੀਪ ਨੇ ਕ੍ਰਿਪਾਨ ਨਾਲ ਅਮਨਦੀਪ ’ਤੇ ਹੋਰ ਵਾਰ ਕੀਤੇ। ਹਮਲਾਵਾਰਾਂ ’ਚ ਸ਼ਾਮਲ ਦਿਲਪ੍ਰੀਤ ਦੀਪੀ ਨੇ ਸ਼ਿਕਾਇਤਕਰਤਾ ਦੇ ਸਿਰ ’ਤੇ ਬੇਸਬਾਲ ਦੇ ਬੈਟ ਮਾਰਿਆ ਜਿਸ ਕਾਰਨ ਉਹ ਦੋਵੇਂ ਪਿਓ-ਪੁੱਤ ਧਰਤੀ ’ਤੇ ਡਿੱਗ ਗਏ। ਇਸ ਦੌਰਾਨ ਹਮਲਾਵਰਾਂ ਅਰਸ਼ਦੀਪ ਜੱਜ, ਦਲਜੀਤ ਬਚੀ ਅਤੇ ਸਿਤਾਰ ਨੇ ਡਿੱਗਿਆਂ ਪਿਆਂ ਦੇ ਵੀ ਉਨ੍ਹਾਂ ਦੇ ਲੱਤਾਂ ਮਾਰੀਆਂ। ਪੀੜਤਾਂ ਵੱਲੋਂ ਰੌਲਾ ਪਾਏ ਜਾਣ ’ਤੇ ਹਮਲਾਵਰ ਉਨ੍ਹਾਂ ਦੀ ਕੁੱਟਮਾਰ ਕਰਨ ਮਗਰੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਗਏ।
ਰਾਹਗੀਰਾਂ ਵੱਲੋਂ ਪਿਓ-ਪੁੱਤਰ ਦੋਹਾਂ ਨੂੰ ਚੁੱਕ ਕੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅਮਨਦੀਪ ਨੂੰ ਡਾਕਟਰਾਂ ਵੱਲੋਂ ਪੀਜੀਆਈ ਚੰਡੀਗੜ੍ਹ ਰੈਫਰ ਕਰਰ ਦਿੱਤਾ ਗਿਆ ਜਦੋਂਕਿ ਅਵਤਾਰ ਸਿੰਘ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈੈਫਰ ਕਰ ਦਿੱਤਾ ਗਿਆ। ਮੰਡੀ ਗੋਬਿੰਦਗੜ੍ਹ ਦੀ ਪੁਲੀਸ ਵੱਲੋਂ ਅਵਤਾਰ ਸਿੰਘ ਦੇ ਬਿਆਨਾਂ ’ਤੇ ਗੁਰਦੀਪ ਸਿੰਘ ਉਰਫ ਗਾਂਧੀ ਵਾਸੀ ਪਿੰਡ ਬੱਡਗੁੱਜਰਾਂ, ਅਰਸ਼ਦੀਪ ਸਿੰਘ ਉਰਫ ਜੱਜ, ਦਲਜੀਤ ਸਿੰਘ ਉਰਫ ਬਚੀ ਵਾਸੀ ਨਸਰਾਲੀ, ਦਿਲਪ੍ਰੀਤ ਸਿੰਘ ਉਰਫ ਦੀਪੀ ਬਾਬਾ ਵਾਸੀ ਚਤਰਪੁਰਾ, ਮੋਨੂੰ ਉਰਫ ਟੋਪੀ ਵਾਸੀ ਗੁਰੂ ਨਾਨਕਪੁਰਾ ਅਤੇ ਸਿਤਾਰ ਵਾਸੀ ਸ਼ਾਂਤੀ ਨਗਰ ਮੰਡੀ ਗੋਬਿੰਦਗੜ੍ਹ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।