ਜਗਜੀਤ ਸਿੰਘ
ਮੁਕੇਰੀਆਂ, 16 ਅਗਸਤ
ਲੋਕਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੇ ਮੁਕੇਰੀਆਂ ਦੇ ਐੱਸਡੀਐੱਮ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਪਰੇਡ ਦੀ ਸਲਾਮੀ ਲੈਣ ਲਈ ਜਾਅਲੀ ਨੰਬਰ ਲੱਗੀ ਜਿਪਸੀ ਦੀ ਵਰਤੋਂ ਕੀਤੀ ਗਈ। ਜਿਪਸੀ ’ਤੇ ਲੱਗਾ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਪਟਿਆਲਾ ਦੇ ਆਰਟੀਏ ਦਫ਼ਤਰ ’ਚ ਸਤਵਿੰਦਰ ਸਿੰਘ ਦੇ ਨਾਮ ’ਤੇ ਰਜਿਸਟਰਡ ਹੈ। ਪੁਲੀਸ ਸੂਤਰਾਂ ਅਨੁਸਾਰ ਇਹ ਜਿਪਸੀ ਪੁਲੀਸ ਦੇ ਇੱਕ ਸਾਬਕਾ ਮੁਲਾਜ਼ਮ ਦੀ ਹੈ, ਜਿਹੜੀ ਗਣਤੰਤਰ ਦਿਵਸ ਅਤੇ ਅਜ਼ਾਦੀ ਦਿਹਾੜੇ ਸਬੰਧੀ ਪਿਛਲੇ ਕਈ ਸਮਾਗਮਾਂ ਮੌਕੇ ਪ੍ਰਸ਼ਾਸਨ ਵੱਲੋਂ ਮੰਗਵੀਂ ਲਈ ਜਾਂਦੀ ਹੈ ਪਰ ਕਦੇ ਵੀ ਪ੍ਰਸ਼ਾਸਨ ਨੇ ਮੁਫ਼ਤ ’ਚ ਮਿਲਦੀ ਇਸ ਗੱਡੀ ਦੇ ਕਾਗਜ਼ਾਤ ਚੈੱਕ ਕਰਨੇ ਵਾਜਬ ਨਹੀਂ ਸਮਝੇ। ਐੱਸਡੀਐੱਮ ਅਤੇ ਡੀਐੱਸਪੀ ਇਸ ਸਬੰਧੀ ਜਵਾਬ ਦੇਣ ਤੋਂ ਟਾਲਾ ਵੱਟ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਆਰੀਆ ਸਕੂਲ ਵਿੱਚ ਕਰਵਾਏ ਗਏ ਆਜ਼ਾਦੀ ਦਿਵਸ ਸਮਾਗਮ ’ਚ ਸਲਾਮੀ ਲੈਣ ਲਈ ਮੁਕੇਰੀਆਂ ਦੇ ਐੱਸਡੀਐੱਮ ਕੰਵਲਜੀਤ ਸਿੰਘ ਨੇ ਪੀਬੀ 11-ਜੇ-0011 ਨੰਬਰ ਵਾਲੀ ਜਿਪਸੀ ਦੀ ਵਰਤੋਂ ਕੀਤੀ। ਪਟਿਆਲਾ ਆਰਟੀਏ ਅਧਿਕਾਰੀ ਬਬਨਦੀਪ ਸਿੰਘ ਨੇ ਦੱਸਿਆ ਕਿ ਇਹ ਨੰਬਰ ਬਜਾਜ ਚੇਤਕ ਸਕੂਟਰ ਦਾ ਹੈ, ਜਿਹੜਾ ਸਤਵਿੰਦਰ ਸਿੰਘ ਦੇ ਨਾਮ ’ਤੇ ਪਟਿਆਲਾ ਵਿੱਚ ਰਜਿਸਟਰਡ ਹੈ। ਸੂਚਨਾ ਅਨੁਸਾਰ ਸਤਵਿੰਦਰ ਸਿੰਘ ਸਕੂਟਰ ਦਾ ਪਹਿਲਾ ਮਾਲਕ ਹੈ ਅਤੇ ਇਹ ਆਰਸੀ ਹਾਲੇ ਵੀ ਐਕਟਿਵ ਦੱਸੀ ਜਾ ਰਹੀ ਹੈ। ਇਹ ਨੰਬਰ ਪਟਿਆਲਾ ਦੇ ਆਰਟੀਏ ਦਫ਼ਤਰ ’ਚ ਹਾਲੇ ਵੀ ਰਜਿਸਟਰਡ ਹੈ।
ਮੁਕੇਰੀਆਂ ਦੇ ਐੱਸਡੀਐੱਮ ਕੰਵਲਜੀਤ ਸਿੰਘ ਨੇ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਕੁੱਝ ਨਹੀਂ ਪਤਾ। ਜਿਪਸੀ ਮਾਲਕ ਬਾਰੇ ਵੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਾਅਲੀ ਨੰਬਰ ਪਲੇਟ ਵਾਲੀ ਜਿਪਸੀ ਦੀ ਵਰਤੋਂ ਕਰਨ ਬਾਰੇ ਪੁੱਛਣ ’ਤੇ ਉਨ੍ਹਾਂ ਫੋਨ ਕੱਟ ਦਿੱਤਾ। ਡੀਐੱਸਪੀ ਕੁਲਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸਰਕਾਰ ਵੱਲੋਂ ਅਜਿਹੇ ਸਮਾਗਮਾਂ ਮੌਕੇ ਕੋਈ ਜਿਪਸੀ ਮੁਹੱਈਆ ਨਹੀਂ ਕਰਵਾਈ ਜਾਂਦੀ, ਇਸ ਕਰਕੇ ਇਹ ਜਿਪਸੀ ਕਿਸੇ ਜਾਣਕਾਰ ਕੋਲੋਂ ਸਮਾਗਮ ਵਾਸਤੇ ਲਈ ਗਈ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿਪਸੀ ’ਤੇ ਜਾਅਲੀ ਨੰਬਰ ਲੱਗਾ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਉਹ ਮਾਮਲੇ ਦੀ ਜਾਂਚ ਕਰਨਗੇ।