ਖੇਤਰੀ ਪ੍ਰਤੀਨਿਧ
ਪਟਿਆਲਾ, 28 ਅਪਰੈਲ
ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਸਥਾਪਨਾ ਇਜਲਾਸ ਕਰਵਾਇਆ ਗਿਆ ਜਿਸ ਦੌਰਾਨ ਜਥੇਬੰਦੀ ਦੀ 7 ਮੈਂਬਰੀ ਸੂਬਾ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਨੂੰ ਜਥੇਬੰਦੀ ਦਾ ਸੂਬਾ ਪ੍ਰਧਾਨ ਚੁਣਿਆ ਗਿਆ। ਅਮਨਦੀਪ ਨੂੰ ਜਨਰਲ ਸਕੱਤਰ ਅਤੇ ਸ੍ਰਿਸ਼ਟੀ ਨੂੰ ਖਜ਼ਾਨਚੀ ਬਣਾਇਆ ਗਿਆ। ਜਦਕਿ ਰਵਿੰਦਰ ਕੌਰ, ਜਸਵਿੰਦਰ, ਗੁਰਵਿੰਦਰ ਤੇ ਗੁਰਪ੍ਰੀਤ ਦੀ ਸੂਬਾ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਵਿਦਿਆਰਥੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਈ ਜਿਸ ਦੌਰਾਨ ਡੈਨੀਅਨ ਤੇ ਅਰਸ਼ਦੀਪ ਵੱਲੋਂ ਇਨਕਲਾਬੀ ਗੀਤ ਗਾਏ ਗਏ। ਅਮਨਦੀਪ ਨੇ ਦੱਸਿਆ ਕਿ ਪੰਜਾਬ ਵਿੱਚ 70 ਦੇ ਦਹਾਕੇ ਵਿੱਚ ਵਿਦਿਆਰਥੀ ਲਹਿਰ ਦੀਆਂ ਇਨਕਲਾਬੀ ਰਵਾਇਤਾਂ ਨੂੰ ਮੁੜ ਜਿਊਂਦਾ ਕਰਨ ਦੇ ਮਕਸਦ ਨਾਲ਼ ਦਸੰਬਰ 2014 ਵਿੱਚ ਪੀਐੱਸਯੂ (ਲਲਕਾਰ) ਜਥੇਬੰਦ ਕੀਤੀ ਗਈ ਸੀ। ਉਦੋਂ ਤੋਂ ਇਸ ਜਥੇਬੰਦੀ ਦਾ ਆਰਜ਼ੀ ਢਾਂਚਾ ਕੰਮ ਕਰ ਰਿਹਾ ਸੀ। ਇਸ ਮੌਕੇ ਸਾਬਕਾ ਵਿਦਿਆਰਥੀ ਆਗੂ ਤੇ ਸੇਵਾਮੁਕਤ ਲੈਕਚਰਾਰ ਅਜਾਇਬ ਸਿੰਘ ਟਿਵਾਣਾ ਨੇ ਆਪਣੇ ਤਜਰਬੇ ਸਾਂਝੇ ਕੀਤੇ।