ਪੱਤਰ ਪ੍ਰੇਰਕ
ਨੰਗਲ, 3 ਨਵੰਬਰ
ਅੱਜ ਸਰਕਾਰੀ ਸ਼ਿਵਾਲਿਕ ਕਾਲਜਾਂ ਨਵਾਂ ਨੰਗਲ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਅੇਸ਼ੋ ਦੇ ਮੈਂਬਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਆਪਣੀਆਂ ਡਿਗਰੀਆਂ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਰਦਰਸ਼ਨ ਕਰ ਰਹੇ ਲੈਕਚਰਾਰਾਂ ਵਿੱਚੋਂ ਡਾ. ਕਮਲੇਸ਼ ਕੁਾਮਰੀ ਨੇ ਕਿਹਾ ਕਿ ਗੈਸਟ ਫੈਕਲਟੀ ਲੈਕਚਰਾਰਾਂ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਗੈਸਟ ਫੈਕਲਟੀ ਲੈਕਚਰਾਰਾਂ ਦਾ ਆਰਥਿਕ ਸ਼ੋਸ਼ਣ ਕੀਤਾ ਜਾਂਦਾ ਰਿਹਾ ਹੈ। ਲੰਬੇ ਸਮੇਂ ਤੋਂ ਲੈਕਚਰਾਰ ਨਿਗੁਣੀਆਂ ਤਨਖਾਹਾਂ ਲੈ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆਏ ਹਨ ਪਰ ਮੌਕੇ ਦੀਆਂ ਸਰਕਾਰਾਂ ਨੇ ਇਨ੍ਹਾਂ ਅਧਿਆਪਕਾਂ ਦੀ ਕਦੇ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਗੈਸਟ ਫੈਕਲਟੀ ਲੈਕਚਰਾਰ ਬੇਸ਼ਕ ਵਿਦਿਆਰਥੀਆਂ ਦਾ ਭਵਿੱਖ ਰੁਸ਼ਨਾ ਰਹੇ ਹਨ ਪਰ ਲੈਕਚਰਾਰਾਂ ਨੂੰ ਆਪਣਾ ਭਵਿੱਖ ਧੁੰਧਲਾ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ 48 ਸਰਕਾਰੀ ਕਾਲਜਾਂ ਵਿੱਚ 1873 ਅਸਾਮੀਆਂ ਹਨ ਜਿਨ੍ਹਾਂ ਵਿੱਚੋਂ 962 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਦੇ ਰਹੇ ਹਨ ਜਦੋਂਕਿ 400 ਮੰਨਜੁਰਸ਼ਦਾ ਅਸਾਮੀਆ ਖਾਲੀ ਪਈਆਂ ਹੋਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਸਮੂਹ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪਹਿਲ ਦੇ ਆਧਾਰ ’ਤੇ ਪੱਕਾ ਕੀਤਾ ਜਾਵੇ। ਇਸ ਮੌਕੇ ਡਾ. ਪਾਇਲ, ਡਾ. ਬਿੰਦੂ ਸ਼ਰਮਾ, ਪ੍ਰੋ. ਹੇਮੰਤ ਕੁਮਾਰੀ, ਪ੍ਰੋ. ਨੀਰੂ ਚੌਧਰੀ, ਪ੍ਰੋ. ਗੁਰਲੀਨ ਕੌਰ ਆਦਿ ਹਾਜ਼ਰ ਸਨ।