ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 7 ਜੁਲਾਈ
ਜ਼ਿਲ੍ਹੇ ਦੇ ਪਿੰਡ ਤੇਜਾ ਰੁਹੇਲਾ ’ਚ ਜ਼ਮੀਨ ਸਬੰਧੀ ਹੋਏ ਝਗੜੇ ਵਿੱਚ ਇੱਕ ਬਿਰਧ ਔਰਤ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਹਤਾ ਸਿਰ ’ਤੇ ਸੱਟਾਂ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਇਆ ਹੈ। ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਠਾਕਰੋ ਬਾਈ ਦੇ ਲੜਕੇ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀ ਮਾਂ ਨੇ ਦੋ ਏਕੜ ਜ਼ਮੀਨ ਉਸ ਦੀ ਭੈਣ ਲਾਲੋ ਬਾਈ ਦੇ ਨਾਮ ਕਰਵਾ ਦਿੱਤੀ ਸੀ, ਪਰ ਲਾਲੋ ਬਾਈ ਦਾ ਲੜਕਾ ਕੁਲਵਿੰਦਰ ਸਿੰਘ ਇਹ ਜ਼ਮੀਨ ਆਪਣੇ ਨਾਂ ਲਗਵਾਉਣ ਦੀ ਜ਼ਿੱਦ ਕਰ ਰਿਹਾ ਸੀ। ਕੱਲ੍ਹ ਕੁਲਵਿੰਦਰ ਸਿੰਘ, ਉਸ ਦੀ ਪਤਨੀ ਤੇ ਹੋਰਨਾਂ ਨੇ ਠਾਕਰੋ ਬਾਈ ’ਤੇ ਹਮਲਾ ਕਰ ਦਿੱਤਾ, ਜਿਸ ਦੀ ਬਾਅਦ ’ਚ ਫਾਜ਼ਿਲਕਾ ਦੇ ਸਿਵਲ ਹਸਪਤਾਲ ’ਚ ਮੌਤ ਹੋ ਗਈ। ਥਾਣਾ ਸਦਰ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।