ਸ਼ਗਨ ਕਟਾਰੀਆ
ਬਠਿੰਡਾ, 11 ਫਰਵਰੀ
ਬੱਸਾਂ ਦੀ ਸਮਾਂ ਸਾਰਣੀ ਸਬੰਧੀ ਸਰਕਾਰੀ ਬੱਸ ਕਾਮਿਆਂ ਨੇ ਅੱਜ ਸਵੇਰੇ ਇੱਥੋਂ ਦੇ ਬੱਸ ਅੱਡੇ ਨੇੜਲੀਆਂ ਸੜਕਾਂ ’ਤੇ ਬੱਸਾਂ ਟੇਢੀਆਂ ਖੜ੍ਹੀਆਂ ਕਰ ਕੇ ਆਵਾਜਾਈ ਠੱਪ ਕਰ ਦਿੱਤੀ। ਇਥੇ ਰੋਸ ਧਰਨਾ ਦਿੰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਟਰਾਂਸਪੋਰਟ ਵਿਭਾਗ ਦੀ ਨਿੱਜੀ ਟਰਾਂਸਪੋਰਟਰਾਂ ਨਾਲ ਮਿਲੀਭੁਗਤ ਹੋਣ ਕਾਰਨ ਦਸੰਬਰ ਮਹੀਨੇ ਲਾਗੂ ਹੋਈ ਨਵੀਂ ਸਮਾਂ ਸਾਰਣੀ ਨੂੰ ਜਨਵਰੀ ਮਹੀਨੇ ਮੁੜ ਖੂੰਜੇ ਲਾ ਦਿੱਤਾ ਗਿਆ ਹੈ।
ਕਰਮਚਾਰੀ ਸੰਗਠਨਾਂ ਦੇ ਆਗੂਆਂ ਸੰਦੀਪ ਗਰੇਵਾਲ ਤੇ ਰਾਮ ਸਿੰਘ ਨੇ ਕਿਹਾ ਕਿ ਵੱਡੇ ਸਿਆਸੀ ਘਰਾਣਿਆਂ ਵੱਲੋਂ ਆਪਣੀਆਂ ਬੱਸਾਂ ਕਥਿਤ ਤੌਰ ’ਤੇ ਪੁਰਾਣੀ ਸਮਾਂ ਸਾਰਣੀ ਮੁਤਾਬਕ ਚਲਾਉਣ ਲਈ ਪੰਜਾਬ ਦੇ ਵੱਖ-ਵੱਖ ਬੱਸ ਅੱਡਿਆਂ ’ਤੇ ਆਪਣੇ ਬੰਦੇ ਤਾਇਨਾਤ ਕੀਤੇ ਹੋਏ ਹਨ, ਜੋ ਗੁੰਡਾਗਰਦੀ ਕਰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਠਿੰਡਾ ਬੱਸ ਅੱਡੇ ’ਤੇ ਵੀ ਕਰੀਬ ਢਾਈ ਦਰਜਨ ਬੰਦਿਆਂ ਨੇ ਇਹ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰੀ ਕਾਮਿਆਂ ਵੱਲੋਂ ਵਿਰੋਧ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਫਿਰ ਉਸੇ ਤਰ੍ਹਾਂ ਦੀ ਕਵਾਇਦ ਦੁਹਰਾਈ ਜਾਣ ਲੱਗੀ ਤਾਂ ਸਰਕਾਰੀ ਕਰਮਚਾਰੀਆਂ ਨੂੰ ਮਜਬੂਰਨ ਅੱਜ ਆਵਾਜਾਈ ਰੋਕਣੀ ਪਈ।
ਇਸ ਦੌਰਾਨ ਪ੍ਰਸ਼ਾਸਨ ਨੇ ਪ੍ਰਦਰਸ਼ਨਕਾਰੀਆਂ ਅਤੇ ਆਰਟੀਏ ਬਠਿੰਡਾ ਦਰਮਿਆਨ ਗੱਲਬਾਤ ਲਈ ਮੀਟਿੰਗ ਵੀ ਕਰਵਾਈ, ਪਰ ਉਹ ਆਪਣੀ ਮੰਗ ’ਤੇ ਅੜੇ ਹੋਏ ਸਨ। ਧਰਨਾਕਾਰੀਆਂ ਵੱਲੋਂ ਨਵੀਂ ਸਮਾਂ ਸਾਰਣੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਇਸ ਧਰਨੇ ਵਿੱਚ ਕਿਸਾਨ ਜਥੇਬੰਦੀਆਂ ਨੇ ਵੀ ਸਰਕਾਰੀ ਬੱਸ ਕਾਮਿਆਂ ਦੀ ਹਮਾਇਤ ਕੀਤੀ। ਬੱਸ ਕਾਮਿਆਂ ਦੇ ਆਗੂ ਸੰਦੀਪ ਗਰੇਵਾਲ ਅਨੁਸਾਰ ਪੀਆਰਟੀਸੀ ਦੇ ਮੁੱਖ ਦਫ਼ਤਰ ਪਟਿਆਲਾ ਦੇ ਸੀਨੀਅਰ ਅਧਿਕਾਰੀਆਂ ਦੀ ਮਸਲੇ ਦੇ ਹੱਲ ਲਈ ਅੱਜ ਪ੍ਰਸ਼ਾਸਨ ਨਾਲ ਕਈ ਦੌਰ ਦੀ ਗੱਲਬਾਤ ਜਾਰੀ ਹੈ। ਕਾਮਿਆਂ ਦੀਆਂ ਅੱਧੀ ਦਰਜਨ ਯੂਨੀਅਨਾਂ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਸਮੱਸਿਆ ਦਾ ਹੱਲ ਨਾ ਕੀਤਾ ਤਾਂ 12 ਫਰਵਰੀ ਤੋਂ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਰਾਜ ਵਿਚਲੇ ਸਾਰੇ ਡਿੱਪੂ ਬੰਦ ਕੀਤੇ ਜਾਣਗੇ।
ਪੁਰਾਣੀ ਸਮਾਂ-ਸਾਰਣੀ ਬਹਾਲ
ਪਟਿਆਲਾ (ਖੇਤਰੀ ਪ੍ਰਤੀਨਿਧ): ਪੀਟੀਆਰਟੀਸ ਮੁਲਾਜ਼ਮਾਂ ਦੇ ਰੋਹ ਅਖੀਰ ਇਸ ਰੋਹ ਦੇ ਅੱਗੇ ਝੁਕਦਿਆਂ, ਸ਼ੁੱਕਰਵਾਰ ਦੇਰ ਸ਼ਾਮੀਂ ਵਿਭਾਗ ਨੇ ਰਾਜਾ ਵੜਿੰਗ ਵੱਲੋਂ ਬਣਵਾਏ ਗਏ ਟਾਈਮ ਟੇਬਲਾਂ ਹੀ ਬਹਾਲ ਕਰ ਦਿੱਤੇ ਗਏ ਹਨ। ਜੇਕਰ ਅਜਿਹਾ ਨਾ ਹੁੰਦਾ, ਤਾਂ ਪੀਆਰਟੀਸੀ, ਪਨਬਸ ਅਤੇ ਪੰਜਾਬ ਰੋਡਵੇਜ਼ ਨੂੰ ਵਿੱਤੀ ਨੁਕਸਾਝ ਝੱਲਣਾ ਪੈਣਾ ਸੀ। ਜਦਕਿ ਇਸ ਨਾਲ਼ ਪ੍ਰਾਈਵੇਟ ਟਰਾਂਸਪੋਰਟ ਮਾਲਕਾਂ ਨੂੰ ਲਾਹਾ ਹੋਵੇਗਾ। ਮੁਲਾਜਮ ਆਗੂ ਨਿਰਮਲ ਧਾਲੀਵਾਲ ਨੇ ਪੁਸ਼ਟੀ ਕੀਤੀ ਹੈ।