ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ
ਡਰਾਈਵਿੰਗ ਲਾਇਸੈਂਸ ਨਵੇਂ ਬਣਾਉਣ ਅਤੇ ਰੀਨਿਊ ਕਰਾਉਣ ਲਈ ‘ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕੂਲ ਮਾਹੂਆਣਾ’ ਤੋਂ ਦੋ ਦਿਨ ਦੀ ਸਿਖਲਾਈ ਦਾ ਸਰਟੀਫਿਕੇਟ ਨਾ ਮਿਲਣ ਕਰਕੇ ਹਜ਼ਾਰਾਂ ਡਰਾਈਵਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਬਹੁਤਿਆਂ ਦੇ ਤਾਂ ਲਾਇਸੈਂਸ ਰੱਦ ਹੋ ਗਏ ਹਨ। ਵਿਦੇਸ਼ ਜਾਣ ਵਾਲਿਆਂ ਲਈ ਤਾਂ ਹੋਰ ਵੀ ਵੱਡੀ ਸਮੱਸਿਆ ਹੈ। ਜਾਣਕਾਰੀ ਅਨੁਸਾਰ ਮਾਹੂਆਣਾ ਸੈਂਟਰ ਡੱਬਵਾਲੀ ਦੇ ਨਜ਼ਦੀਕ ਹੈ, ਜਿਹੜਾ ਪੂਰੇ ਪੰਜਾਬ ਲਈ ਕੰਮ ਕਰਦਾ ਹੈ। ਕੋਵਿਡ-19 ਦੇ ਪਹਿਲੇ ਦੌਰ ਦੌਰਾਨ ਇਥੇ ਰੋਜ਼ਾਨਾ ਇਕ ਹਜ਼ਾਰ ਡਰਾਈਵਰਾਂ ਨੂੰ ਦੋ ਰੋਜ਼ਾ ਸਿਖਲਾਈ ਦਿੱਤੀ ਜਾਂਦੀ ਸੀ। ਪਰ ਕਰੋਨਾ ਕਾਰਨ ਇਹ ਸੈਂਟਰ ਬੰਦ ਕਰ ਦਿੱਤਾ ਗਿਆ। ਸਾਲ ਕੁ ਬਾਅਦ ਕੁਝ ਸਮੇਂ ਲਈ ਸਿਖਲਾਈ ਕਲਾਸਾਂ ਸ਼ੁਰੂ ਕੀਤੀਆਂ ਪਰ ਕਰੋਨਾ ਦੀ ਦੂਜੀ ਲਹਿਰ ਕਾਰਨ ਫਿਰ ਬੰਦ ਕਰ ਦਿੱਤੀਆਂ ਗਈਆਂ। ਹੁਣ ਆਨਲਾਈਨ ਕਲਾਸਾਂ ਲਈ ਰੋਜ਼ਾਨਾ 50 ਰਜਿਸਟਰੇਸ਼ਨਾਂ ਕੀਤੀਆਂ ਜਾਂਦੀਆਂ ਹਨ ਤੇ ਉਨ੍ਹਾਂ ਨੂੰ ਵੀ ਕਲਾਸਾਂ ਲਈ ਮਹੀਨਿਆਂਬੱਧੀ ਸਮਾਂ ਨਹੀਂ ਮਿਲਦਾ। ਪਿੰਡ ਮੋਹਲਾਂ ਦੇ ਜਗਸੀਰ ਸਿੰਘ ਨੇ 9 ਦਸੰਬਰ 2020 ਨੂੰ ਫੀਸ ਭਰੀ ਹੈ ਪਰ ਉਸ ਨੂੰ ਅਜੇ ਤੱਕ ਕਲਾਸ ਵਾਸਤੇ ਸਮਾਂ ਨਹੀਂ ਮਿਲਿਆ। ਵਿਦੇਸ਼ ਜਾਣ ਵਾਸਤੇ ਹੈਵੀ ਡਰਾਈਵਿੰਗ ਲਾਈਸੈਂਸ ਦੀ ਉਡੀਕ ’ਚ ਬੈਠੇ ਪਰਮਵੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਰੋਜ਼ਾਨਾ ਸਵੇਰੇ 9 ਵਜੇ ਆਨਲਾਈਨ ਰਜਿਸਟਰੇਸ਼ਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਕਦੇ ਰਜਿਸਟਰੇਸ਼ਨ ਨਹੀਂ ਹੋ ਰਹੀ। ਕਿਉਂਕਿ ਵੈੱਬ ਸਾਈਟ ਕਦੇ 9 ਵਜੇ ਤੋਂ ਪਹਿਲਾਂ ਖੁੱਲ੍ਹ ਕੇ ਬੰਦ ਹੋ ਜਾਂਦੀ ਹੈ ਤੇ ਕਦੇ ਬਾਅਦ ਵਿੱਚ। ਪਿੰਡ ਕ੍ਰਿਪਾਲਕੇ ਦੇ ਗੁਰਨਾਮ ਸਿੰਘ ਨੇ ਦੱਸਿਆ ਕਿ ਉਸ ਨੂੰ ਬੜੀ ਮੁਸ਼ਕਲ ਨਾਲ ਆਨਲਾਈਨ ਕਲਾਸ ਦਾ ਸਮਾਂ ਮਿਲਿਆ ਪਰ ਨੈੱਟ ਦੀ ਸਮੱਸਿਆ ਕਰਕੇ ਕਲਾਸ ਮੁਕੰਮਲ ਨਹੀਂ ਹੋਈ ਤੇ ਉਸ ਨੂੰ ਸਰਟੀਫਿਕੇਟ ਨਹੀਂ ਮਿਲਿਆ। ਬਰੀਵਾਲਾ ਦੇ ਸੁਖਦੀਪ ਸਿੰਘ ਸੰਧੂ ਨੇ ਤਾਂ ਆਪਣਾ ਹੈਵੀ ਲਾਇਸੈਂਸ ਰੱਦ ਹੀ ਕਰਵਾ ਦਿੱਤਾ ਕਿਉਂਕਿ ਉਸ ਨੇ ਵਿਦੇਸ਼ ਜਾਣਾ ਸੀ। ਪੰਜਾਬ ਰੋਡਵੇਜ਼ ’ਚ ਕੰਟਰੈਕਟ ਡਰਾਈਵਰ ਵਜੋਂ ਤਾਇਨਾਤ ਕੁਲਦੀਪ ਸਿੰਘ ਨੇ ਦੱਸਿਆ ਕਿ ਮਾਹੂਆਣਾ ਕਲਾਸਾਂ ਨਾ ਲੱਗਣ ਕਰਕੇ ਉਸਦਾ ਹੈਵੀ ਲਾਇਸੈਂਸ ਰੀਨਿਊ ਨਹੀਂ ਹੋਇਆ ਜਿਸ ਕਰਕੇ ਅਧਿਕਾਰੀਆਂ ਨੇ ਉਸ ਨੂੰ ਨੌਕਰੀ ਤੋਂ ਕੱਢਣ ਦੀ ਚਿਤਾਵਨੀ ਦੇ ਦਿੱਤੀ ਹੈ। ਲੋਕਾਂ ਦੀ ਮੰਗ ਹੈ ਕਿ ਆਨਲਾਈਨ ਰਜਿਸਟਰੇਸ਼ਨ ਦਾ ਸਮਾਂ ਤੈਅ ਕੀਤਾ ਜਾਵੇ ਅਤੇ ਰਜਿਸਟਰੇਸ਼ਨ ਖੁੱਲ੍ਹੀ ਕੀਤੀ ਜਾਵੇ ਤਾਂ ਜੋ ਉਹ ਕਲਾਸਾਂ ਲਾ ਕੇ ਲਾਇਸੈਂਸ ਬਣਵਾ ਸਕਣ।
ਘੱਟ ਬੰਦਿਆਂ ਦੀ ਕਲਾਸ ਲੱਗਣ ਕਾਰਨ ਆਈ ਸਮੱਸਿਆ: ਜਗਸੀਰ
ਮਾਹੂਆਣਾ ਸੈਂਟਰ ਦੇ ਕਰਮਚਾਰੀ ਜਗਸੀਰ ਸਿੰਘ ਦੱਸਿਆ ਕਿ ਰੋਜ਼ਾਨਾ ਸਿਰਫ 50 ਬੰਦਿਆਂ ਦੀ ਆਨਲਾਈਨ ਕਲਾਸ ਲੱਗਦੀ ਹੈ ਜਿਸ ਕਰਕੇ ਪ੍ਰੇਸ਼ਾਨੀ ਬਣੀ ਹੋਈ ਹੈ।