ਚੰਡੀਗੜ੍ਹ, 23 ਜੂਨ
ਗੈਂਗਸਟਰ ਜੈਪਾਲ ਸਿੰਘ ਭੁੱਲਰ ਦੀ ਦੂਜੀ ਪੋਸਟ ਮਾਰਟਮ ਰਿਪੋਰਟ ਵਿੱਚ ਉਸ ਉੱਤੇ ਤਸ਼ੱਦਦ ਢਾਹੁਣ ਦੀਆਂ ਸੰਭਾਵਨਾਵਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਰਿਪੋਰਟ ਵਿੱਚ ਕਿਹਾ ਗਿਆ ਭੁੱਲਰ ਦੇ ਸਰੀਰ ’ਤੇ ਸੱਟ ਦਾ ਕੋਈ ਵਾਧੂ ਨਿਸ਼ਾਨ ਨਹੀਂ ਸੀ ਤੇ ਉਸ ਦੀ ਮੌਤ ਗੋਲੀਆਂ ਲੱਗਣ ਕਰ ਕੇ ਹੋਈ ਹੈ। ਰਿਪੋਰਟ ਮੁਤਾਬਕ, ‘‘ਬਹੁਤੇ ਜ਼ਖ਼ਮ ਗੋਲੀਆਂ ਲੱਗਣ ਕਰਕੇ ਹਨ ਤੇ ਖੱਬੀ ਬਾਂਹ ’ਤੇ ਫਰੈਕਚਰ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਕਥਿਤ ਤਸ਼ੱਦਦ ਕਰਕੇ ਹੈ, ਅਸਲ ਵਿੱਚ ਗੋਲੀ ਦਾ ਅਸਰ ਹੈ, ਜਿਸ ਕਰਕੇ ਫਰੈਕਚਰ ਹੋਇਆ ਤੇ ਹੱਡੀ ਟੁੱਟ ਗਈ।’ ਉਧਰ ਭੁੱਲਰ ਦੇ ਪਿਤਾ ਭੁਪਿੰਦਰ ਸਿੰਘ ਭਾਵੇਂ ਆਪਣੇ ਪੁੱਤ ਦੇ ਸਸਕਾਰ ਲਈ ਸਹਿਮਤ ਹੋ ਗਏ, ਪਰ ਉਨ੍ਹਾਂ ਕਿਹਾ ਕਿ ਪੀਜੀਆਈ ਨੇ ਇਹ ਰਿਪੋਰਟ ਪੁਲੀਸ ਦੇ ਦਬਾਅ ਹੇਠ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜੈਪਾਲ ਦੇ ਸਰੀਰ ’ਤੇ 22 ਸੱਟਾਂ ਦੇ ਨਿਸ਼ਾਨ ਪਾਏ ਗਏ ਹਨ ਤਾਂ ਫ਼ਿਰ ਇਹ ਨਿਸ਼ਾਨ ਕਿੱਥੋਂ ਆਏ? ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਹਦਾਇਤ ’ਤੇ ਭੁੱਲਰ ਦਾ ਮੰਗਲਵਾਰ ਨੂੰ ਪੰਜ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕੀਤਾ ਗਿਆ ਸੀ। ਪੋਸਟਮਾਰਟਮ ਪੰਜ ਘੰਟੇ ਦੇ ਕਰੀਬ ਚੱਲਿਆ ਸੀ।
ਜੈਪਾਲ ਸਿੰਘ ਭੁੱਲਰ ਤੇ ਇਕ ਹੋਰ ਗੈਂਗਸਟਰ ਜਸਪ੍ਰੀਤ ਸਿੰਘ, ਲੁਧਿਆਣਾ ਵਿੱਚ ਦੋ ਪੁਲੀਸ ਮੁਲਾਜ਼ਮਾਂ ਨੂੰ ਕਤਲ ਕਰਨ ਦੇ ਮਾਮਲੇ ਵਿੱਚ ਲੋੜੀਂਦੇ ਸਨ। ਪੱਛਮੀ ਬੰਗਾਲ ਤੇ ਪੰਜਾਬ ਪੁਲੀਸ ਦੀਆਂ ਟੀਮਾਂ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਹੋਏ ਮੁਕਾਬਲੇ ਵਿੱਚ ਇਹ ਦੋਵੇਂ ਗੈਂਗਸਟਰ ਮਾਰੇ ਗਏ ਸਨ। ਭੁੱਲਰ ਦੇ ਪਿਤਾ, ਜੋ ਸਾਬਕਾ ਪੁਲੀਸ ਮੁਲਾਜ਼ਮ ਹਨ, ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਦਿਆਂ ਆਪਣੇ ਪੁੱਤਰ ਦਾ ਪੀਜੀਆਈ ਚੰਡੀਗੜ੍ਹ ਜਾਂ ਫਿਰ ਦਿੱਲੀ ਦੇ ਏਮਜ਼ ਵਿੱਚ ਦੂਜੀ ਵਾਰ ਪੋਸਟ ਮਾਰਟਮ ਕਰਵਾਏ ਜਾਣ ਦੀ ਮੰਗ ਕੀਤੀ ਸੀ। ਭੁੱਲਰ ਦੇ ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਖ਼ਦਸ਼ਾ ਹੈ ਕਿ ਮੁਕਾਬਲੇ ਤੋਂ ਪਹਿਲਾਂ ਜੈਪਾਲ ਨੂੰ ਕਥਿਤ ਤਸੀਹੇ ਦਿੱਤੇ ਗਏ ਸਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਕ ਵਾਰ ਤਾਂ ਅਧਿਕਾਰ ਖੇਤਰ ਦਾ ਹਵਾਲਾ ਦਿੰਦਿਆਂ ਹੁਕਮ ਜਾਰੀ ਕਰਨ ਤੋਂ ਨਾਂਹ ਕਰ ਦਿੱਤੀ, ਪਰ ਸੁਪਰੀਮ ਕੋਰਟ ਦੇ ਦਖ਼ਲ ਮਗਰੋਂ ਹਾਈ ਕੋਰਟ ਨੇ ਮੁੜ ਪੋਸਟ ਮਾਰਟਮ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ। ਕੋਲਕਾਤਾ ਵਿੱਚ ਹੋਏ ਪਹਿਲੇ ਪੋਸਟ ਮਾਰਟਮ ਦੌਰਾਨ ਜੈਪਾਲ ਭੁੱਲਰ ਦੇ ਸਰੀਰ ’ਚੋਂ ਤਿੰਨ ਗੋਲੀਆਂ ਨਿਕਲੀਆਂ ਸਨ। ਪਹਿਲੇ ਪੋਸਟ ਮਾਰਟਮ ਨੂੰ ਤਿੰਨ ਘੰਟੇ ਲੱਗੇ ਸਨ। -ਪੀਟੀਆਈ
ਹੱਥਕੜੀਆਂ ’ਚ ਬੱਝੇ ਭਰਾ ਨੇ ਨਿਭਾਈਆਂ ਜੈਪਾਲ ਭੁੱਲਰ ਦੀਆਂ ਅੰਤਿਮ ਰਸਮਾਂ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਜੈਪਾਲ ਭੁੱਲਰ ਦਾ ਅੱਜ ਦੁਪਹਿਰੇ ਫ਼ਿਰੋਜ਼ਪੁਰ ਸ਼ਹਿਰ ਦੇ ਸ਼ਮਸ਼ਾਨ ਘਾਟ ਵਿਚ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਇਹਤਿਆਤ ਵਜੋਂ ਸ਼ਮਸ਼ਾਨਘਾਟ ਪੁਲੀਸ ਛਾਉਣੀ ਵਿਚ ਤਬਦੀਲ ਰਿਹਾ। ਬਠਿੰਡਾ ਜੇਲ੍ਹ ’ਚ ਬੰਦ ਜੈਪਾਲ ਦੇ ਭਰਾ ਅੰਮ੍ਰਿਤਪਾਲ ਸਿੰਘ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਇਥੇ ਲਿਆਂਦਾ ਗਿਆ ਹੈ। ਦੋਵਾਂ ਹੱਥਾਂ ’ਚ ਲੱਗੀ ਹੱਥਕੜੀ ਨਾਲ ਉਸ ਨੇ ਆਪਣੇ ਭਰਾ ਦੀਆਂ ਆਖ਼ਰੀ ਰਸਮਾਂ ਪੂਰੀਆਂ ਕੀਤੀਆਂ। ਉਸ ਨੇ ਪੁਲੀਸ ਨੂੰ ਇੱਕ ਪਾਸੋਂ ਹੱਥਕੜੀ ਖੋਲ੍ਹਣ ਦੀ ਅਪੀਲ ਵੀ ਕੀਤੀ, ਪਰ ਪੁਲੀਸ ਨਹੀਂ ਮੰਨੀ। ਉਸ ਨੂੰ ਪਰਿਵਾਰ ਨਾਲ ਜ਼ਿਆਦਾ ਗੱਲਬਾਤ ਕਰਨ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ। ਜੈਪਾਲ ਦੀ ਮ੍ਰਿਤਕ ਦੇਹ ਨੂੰ ਅਗਨੀ ਦੇਣ ਤੋਂ ਤੁਰੰਤ ਬਾਅਦ ਪੁਲੀਸ ਉਸ ਨੂੰ ਗੱਡੀ ਵਿਚ ਬਿਠਾ ਕੇ ਲੈ ਗਈ। ਜਾਂਦੇ-ਜਾਂਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਨੇ ਜੈਪਾਲ ਦੇ ਪੁਲੀਸ ਮੁਕਾਬਲੇ ਨੂੰ ਫ਼ਰਜ਼ੀ ਕਰਾਰ ਦਿੱਤਾ।