ਦਵਿੰਦਰ ਪਾਲ
ਚੰਡੀਗੜ੍ਹ, 9 ਜੂਨ
ਪੰਜਾਬ ਅਤੇ ਪੱਛਮੀ ਬੰਗਾਲ ਪੁਲੀਸ ਦੀ ਸਾਂਝੀ ਕਾਰਵਾਈ ਦੌਰਾਨ ਪੰਜਾਬ ਪੁਲੀਸ ਨੂੰ ਲੋੜੀਂਦੇ ਨਾਮੀ ਗੈਂਗਸਟਰ ਜੈਪਾਲ ਭੁੱਲਰ ਅਤੇ ਉਸ ਦਾ ਇੱਕ ਸਾਥੀ ਜੱਸੀ ਪੁਲੀਸ ਮੁਕਾਬਲੇ ਦੌਰਾਨ ਮਾਰੇ ਗਏ। ਪੰਜਾਬ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਸ਼ਹਿਰ ’ਚ ਇਹ ਪੁਲੀਸ ਮੁਕਾਬਲਾ ਅੱਜ ਦੁਪਹਿਰ ਸਾਢੇ ਤਿੰਨ ਵਜੇ ਦੇ ਕਰੀਬ ਹੋਇਆ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਜੈਪਾਲ ਸਿੰਘ ਪੰਜਾਬ ਪੁਲੀਸ ਨੂੰ ਦੋ ਏਐਸਆਈ’ਜ਼ ਦੇ ਕਤਲ ਮਾਮਲੇ ਵਿੱਚ ਅਤੇ ਹੋਰਨਾਂ ਦਰਜਨਾਂ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਸੂਤਰਾਂ ਦਾ ਦੱਸਣਾ ਹੈ ਕਿ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਅਧੀਨ ਕੰਮ ਕਰ ਰਹੇ ਵਿਸ਼ੇਸ਼ ਸੈੱਲ (ਓਕੂ) ’ਚ ਤਾਇਨਾਤ ਪੁਲੀਸ ਅਫਸਰਾਂ ਨੂੰ ਦੋ ਦਿਨ ਪਹਿਲਾਂ ਹੀ ਸੂਹ ਮਿਲੀ ਸੀ ਕਿ ਜੈਪਾਲ ਅਤੇ ਉਸ ਦਾ ਇੱਕ ਸਾਥੀ ਕੋਲਕਾਤਾ ਵਿੱਚ ਕਿਰਾਏ ਦੇ ਮਕਾਨ ’ਚ ਰਹਿੰਦੇ ਹਨ। ਇੱਕ ਦਿਨ ਪਹਿਲਾਂ ਹੀ ‘ਓਕੂ’ ਦੀ ਟੀਮ ਕੋਲਕਤਾ ਗਈ ਸੀ। ਪੰਜਾਬ ਪੁਲੀਸ ਵੱਲੋਂਂ ਪੱਛਮੀ ਬੰਗਾਲ ਪੁਲੀਸ ਦੀ ਵਿਸ਼ੇਸ਼ ਟਾਸਕ ਫੋਰਸ (ਐੱਸਟੀਐੱਫ) ਨਾਲ ਤਾਲਮੇਲ ਕਰਕੇ ਇਹ ਸਾਰਾ ਅਪਰੇਸ਼ਨ ਚਲਾਇਆ ਗਿਆ ਸੀ। ਪੰਜਾਬ ਦੇ ਗੈਂਗਸਟਰਾਂ ਵਿੱਚ ਜੈਪਾਲ ਭੁੱਲਰ ਨੂੰ ਪੁਲੀਸ ਨੇ ਸਭ ਤੋਂ ਖੂੰਖਾਰ ਅਪਰਾਧੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਹੋਇਆ ਸੀ। ਪੁਲੀਸ ਅਧਿਕਾਰੀਆਂ ਮੁਤਾਬਕ ‘ਹੌਲੀਵੁੱਡ’ ਦੀਆਂ ਫ਼ਿਲਮਾਂ ਦੇਖਣ ਦਾ ਸ਼ੌਕੀਨ ਇਹ ਅਪਰਾਧੀ ਪੁਲੀਸ ਨਾਲ ਲੁਕਣਮੀਚੀ ਖੇਡਣ ’ਚ ਮੁਹਾਰਤ ਹਾਸਲ ਕਰ ਗਿਆ ਸੀ। ਪੰਜਾਬ ਪੁਲੀਸ ਨੇ ਇਸ ਅਪਰਾਧੀ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸੀ। ਹਾਲ ਹੀ ਵਿੱਚ ਜਦੋਂ ਜਗਰਾਉਂ ’ਚ ਜੈਪਾਲ ਦੇ ਸਾਥੀਆਂ ਨੇ ਦੋ ਥਾਣੇਦਾਰਾਂ ਦਾ ਕਤਲ ਕੀਤਾ ਤਾਂ ਇਸ ਅਪਰਾਧੀ ਤੱਕ ਅੱਪੜਨਾ ਪੁਲੀਸ ਲਈ ਵੱਕਾਰ ਦਾ
ਸਵਾਲ ਬਣ ਗਿਆ ਸੀ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗੈਂਗਸਟਰ ਜੈਪਾਲ ਸਿੰਘ ਭੁੱਲਰ ਵਾਸੀ ਫਿਰੋਜ਼ਪੁਰ ਅਤੇ ਜਸਪ੍ਰੀਤ ਸਿੰਘ ਉਰਫ ਜੱਸੀ ਵਾਸੀ ਖਰੜ, ਐੱਸਏਐੱਸ ਨਗਰ ਦੇ ਸਿਰ ’ਤੇ ਕ੍ਰਮਵਾਰ 10 ਲੱਖ ਅਤੇ 5 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮ 15 ਮਈ ਦੀ ਸ਼ਾਮ ਨੂੰ ਜਗਰਾਉਂ ਦੀ ਅਨਾਜ ਮੰਡੀ ਵਿੱਚ ਜਗਰਾਉਂ ਪੁਲੀਸ ਦੇ ਦੋ ਥਾਣੇਦਾਰਾਂ ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦੇ ਸਨ। ਉਨ੍ਹਾਂ ਦੱਸਿਆ ਕਿ ਫਰਾਰ ਨਸ਼ਾ ਤਸਕਰਾਂ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਨੂੰ ਕਾਬੂ ਕਰਨ ਲਈ ਪੰਜਾਬ ਪੁਲੀਸ ਨੇ ਆਪ੍ਰੇਸ਼ਨ-ਜੈਕ ਮੈਨਹੰਟ ਨਾਂ ਹੇਠ ਵੱਡਾ ਆਪ੍ਰੇਸ਼ਨ ਚਲਾਇਆ ਸੀ।
ਕਈ ਮਾਮਲਿਆਂਵਿੱਚ ਲੋੜੀਂਦਾ ਸੀ ਜੈਪਾਲ
ਪੁਲੀਸ ਮੁਤਾਬਕ ਜੈਪਾਲ, ਸਾਲ 2014 ਤੋਂ ਫ਼ਰਾਰ ਸੀ ਅਤੇ ਇਨ੍ਹਾਂ ਸਾਰੇ ਸਾਲਾਂ ਦੌਰਾਨ ਉਸ ਨੇ ਕਈ ਜੁਰਮ ਕੀਤੇ। ਉਹ 25 ਤੋਂ ਵੱਧ ਸਨਸਨੀਖੇਜ਼ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲੀਸ ਦਾ ਦਾਅਵਾ ਹੈ ਕਿ ਜਦੋਂ ਸ਼ੇਰਾ ਖੁੱਬਣ 2012 ਵਿੱਚ ਇੱਕ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ ਤਾਂ ਜੈਪਾਲ ਨੂੰ ਸ਼ੱਕ ਸੀ ਕਿ ਰੌਕੀ ਨੇ ਸ਼ੇਰਾ ਖੁੱਬਣ ਬਾਰੇ ਪੁਲੀਸ ਨੂੰ ਜਾਣਕਾਰੀ ਦਿੱਤੀ ਸੀ। ਇਸ ਲਈ 2016 ਵਿੱਚ ਜੈਪਾਲ ਨੇ ਸੋਲਨ ਨੇੜੇ ਜਸਵਿੰਦਰ ਸਿੰਘ ਉਰਫ ਰੌਕੀ ਦਾ ਕਤਲ ਕਰ ਦਿੱਤਾ। ਜੈਪਾਲ ਨੇ ਫੇਸਬੁੱਕ ’ਤੇ ਰੌਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਅਤੇ ਇਸ ਨੂੰ ਸ਼ੇਰਾ ਖੁੱਬਣ ਮੁਕਾਬਲੇ ਦਾ ਬਦਲਾ ਕਰਾਰ ਦਿੱਤਾ। ਪੁਲੀਸ ਦਾ ਦਾਅਵਾ ਹੈ ਕਿ ਸਾਲ 2017 ਵਿੱਚ ਜੈਪਾਲ ਨੇ ਚਿਤਕਾਰਾ ਯੂਨੀਵਰਸਿਟੀ ਨੇੜੇ ਚੰਡੀਗੜ੍ਹ ਪਟਿਆਲਾ ਹਾਈਵੇਅ ’ਤੇ ਨਗ਼ਦੀ ਲਿਜਾ ਰਹੀ ਵੈਨ ’ਚੋਂ 1.3 ਕਰੋੜ ਰੁਪਏ ਅਤੇ ਰੋਪੜ ਵਿੱਚ ਏਟੀਐੱਮ ਲੋਡਿੰਗ ਵੈਨ ’ਚੋਂ 35 ਲੱਖ ਰੁਪਏ ਲੁੱਟੇ। 2020 ਵਿੱਚ, ਜੈਪਾਲ ਨੇ ਇੱਕ ਡਕੈਤੀ ਨੂੰ ਅੰਜਾਮ ਦਿੱਤਾ ਜਿਸ ਵਿੱਚ ਉਸ ਨੇ ਲੁਧਿਆਣਾ ਵਿੱਚ ਕਰੀਬ 33 ਕਿਲੋ ਸੋਨਾ ਲੁੱਟਿਆ।