ਸ਼ੰਗਾਰਾ ਸਿੰਘ ਅਕਲੀਆ
ਜੋਗਾ, 27 ਫਰਵਰੀ
ਡੇਰਾ ਭਾਈ ਬਾਗ ਵਾਲਾ ਅਕਲੀਆ ਦੀ ਗੱਦੀ ਨੂੰ ਲੈ ਕੇ ਮੁੱਖ ਮਹੰਤ ਗੰਗਾ ਰਾਮ ਅਤੇ ਇਨਸਾਫ ਦਿਵਾਓ ਸੰਘਰਸ਼ ਕਮੇਟੀ ਅਕਲੀਆ ਦੋਵੇਂ ਧਿਰਾਂ ਦੇ ਵਿਚਾਲੇ ਬਣੇ ਤਣਾਅ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਰੇ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡੇਰੇ ਅੰਦਰ ਆਉਣ ਜਾਣ ਵਾਲੇ ਲੋਕਾਂ ਉੱਪਰ ਪੁਲੀਸ ਨੇ ਬਾਜ਼ ਅੱਖ ਰੱਖੀ ਹੋਈ ਹੈ। ਅੱਜ ਜਦੋਂ ਡੇਰਾ ਭਾਈ ਬਾਗ ਵਾਲਾ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਡੇਰੇ ਦੇ ਮੁੱਖ ਮਹੰਤ ਗੰਗਾ ਰਾਮ ਪਿਛਲੇ ਕਈ ਸਾਲਾਂ ਤੋਂ ਇਸੇ ਡੇਰੇ ਵਿੱਚ ਰਹਿ ਰਹੇ ਹਨ। ਇਨਸਾਫ਼ ਦਿਵਾਓ ਸੰਘਰਸ਼ ਕਮੇਟੀ ਅਕਲੀਆ ਦੇ ਆਗੂ ਸਰਪੰਚ ਸੁਖਵੀਰ ਕੌਰ ਖਾਲਸਾ, ਜੀਤ ਸਿੰਘ ਮਾਹੂਕਾ, ਗੁਰਵਿੰਦਰ ਸਿੰਘ ਬੱਧੂਕਾ, ਗੁਰਸੇਵਕ ਸਿੰਘ ਅਕਲੀਆ ਅਤੇ ਭਗਵਾਨ ਸਿੰਘ ਖਾਲਸਾ ਦਾ ਕਹਿਣਾ ਕਿ ਡੇਰੇ ਦੇ ਮੁਖੀ ਗੰਗਾ ਰਾਮ ਵੱਲੋਂ ਡੇਰਾ ਭਾਈ ਬਾਗ ਵਾਲਾ ਨੂੰ ਗਲਤ ਅਨਸਰਾਂ ਦਾ ਅੱਡਾ ਬਣਾ ਦਿੱਤਾ ਗਿਆ ਹੈ। ਦੂਜੇ ਪਾਸੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਣਾ ਜੋਗਾ ਵਿੱਚ ਦੋਵੇਂ ਧਿਰਾਂ ਡੇਰਾ ਮੁਖੀ ਗੰਗਾ ਰਾਮ ਅਤੇ ਇਨਸਾਫ਼ ਦਿਵਾਓ ਸੰਘਰਸ਼ ਕਮੇਟੀ ਅਕਲੀਆ ਨੂੰ ਬੁਲਾ ਕਿ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਪੁਲੀਸ ਉੱਪ ਕਪਤਾਨ ਗੋਬਿੰਦਰ ਸਿੰਘ ਮਾਨਸਾ ਅਤੇ ਥਾਣਾ ਜੋਗਾ ਮੁਖੀ ਗੁਰਦਰਸ਼ਨ ਸਿੰਘ ਮਾਨ ਹਾਜ਼ਰ ਸਨ। ਪੁਲੀਸ ਉੱਪ ਕਪਤਾਨ ਗੋਬਿੰਦਰ ਸਿੰਘ ਨੇ ਦੱਸਿਆ ਕਿ ਮਸਲੇ ਦਾ ਹੱਲ ਜਲਦੀ ਹੀ ਕੱਢ ਲਿਆ ਜਾਵੇਗਾ।