ਕਰਮਜੀਤ ਸਿੰਘ ਚਿੱਲਾ
ਐੱਸ.ਏ.ਐੱਸ. ਨਗਰ(ਮੁਹਾਲੀ), 13 ਜੁਲਾਈ
ਸਮੁੱਚਾ ਜੀਵਨ ਮੁਲਾਜ਼ਮਾਂ ਅਤੇ ਕਿਰਤੀਆਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਰਹੇ ਕਾਮਰੇਡ ਹਰਪਾਲ ਸਿੰਘ ਦਾ ਅੱਜ ਇੱਥੋਂ ਦੇ ਬਲੌਂਗੀ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਧੀ ਚੰਨਪ੍ਰੀਤ ਕੌਰ ਅਤੇ ਭਤੀਜੇ ਮੋਹਨ ਸਿੰਘ ਨੇ ਚਿਖਾ ਨੂੰ ਅਗਨੀ ਦਿਖਾਈ। ਉਨ੍ਹਾਂ ਦਾ ਪੁੱਤਰ ਅਮਨਪ੍ਰੀਤ ਸਿੰਘ ਅਮਰੀਕਾ ਵਿੱਚ ਹੋਣ ਕਾਰਨ ਅੰਤਿਮ ਸੰਸਕਾਰ ’ਚ ਪਹੁੰਚ ਨਹੀਂ ਸਕਿਆ।
ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕਾਮਰੇਡ ਹਰਪਾਲ ਸਿੰਘ ਦੀ ਮ੍ਰਿਤਕ ਦੇਹ ਉੱਤੇ ਪਾਰਟੀ ਦਾ ਝੰਡਾ ਤੇ ਫੁੱਲਾਂ ਦੇ ਹਾਰ ਪਾਏ। ਪਿਛਲੇ 30 ਸਾਲਾਂ ਤੋਂ ਵ੍ਹੀਲ ਚੇਅਰ ਉੱਤੇ ਹੋਣ ਦੇ ਬਾਵਜੂਦ ਕਾਮਰੇਡ ਹਰਪਾਲ ਸਿੰਘ ਵੱਲੋਂ ਪਾਰਟੀ ਨੂੰ ਦਿੱਤੀਆਂ ਗਈਆਂ ਸੇਵਾਵਾਂ ਦੀ ਸ੍ਰੀ ਬਰਾੜ ਨੇ ਸ਼ਲਾਘਾ ਕੀਤੀ। ਉਨ੍ਹਾਂ ਕਾਮਰੇਡ ਹਰਪਾਲ ਨੂੰ ਜ਼ਿੰਦਾ ਸ਼ਹੀਦ ਦੱਸਿਆ, ਜਿਨ੍ਹਾਂ ਕਿਰਤੀਆਂ ਦੇ ਹੱਕਾਂ ਤੇ ਅਤਿਵਾਦ ਖ਼ਿਲਾਫ਼ ਜੂਝਦਿਆਂ ਆਪਣੇ ਸਰੀਰ ਨੂੰ ਅਤਿਵਾਦੀਆਂ ਦੀਆਂ ਗੋਲੀਆਂ ਨਾਲ ਛਲਣੀ ਕਰਵਾਇਆ। ਉਨ੍ਹਾਂ ਕਿਹਾ ਕਿ ਕਾਮਰੇਡ ਹਰਪਾਲ ਕਰਮਵੀਰ ਯੋਧਾ ਸੀ, ਜਿਸ ਦੀਆਂ ਮਿਸਾਲੀ ਪੈੜਾਂ ਤੋਂ ਪਾਰਟੀ ਹਮੇਸ਼ਾ ਸੇਧ ਲੈਂਦੀ ਰਹੇਗੀ।
ਇਸ ਮੌਕੇ ਸੀਪੀਆਈ ਦੇ ਆਗੂ ਗੁਰਨਾਮ ਕੰਵਰ, ਦੇਵੀ ਦਿਆਲ ਸ਼ਰਮਾ, ਰਾਜ ਕੁਮਾਰ, ਕਾਮਰੇਡ ਮਹਿੰਦਰਪਾਲ ਆਦਿ ਨੇ ਵੀ ਮ੍ਰਿਤਕ ਦੇਹ ’ਤੇ ਲਾਲ ਝੰਡਾ ਪਾਇਆ ਅਤੇ ਇਨਕਲਾਬੀ ਨਾਅਰੇ ਲਗਾਏ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਲੇਖਕ ਜਥੇਬੰਦੀਆਂ ਅਤੇ ਜੂਝ ਰਹੇ ਲੇਖਕਾਂ ਵੱਲੋਂ ਲੋਈ ਭੇਟ ਕੀਤੀ।
ਇਸ ਮੌਕੇ ਕਾਮਰੇਡ ਦਿਲਦਾਰ ਸਿੰਘ, ਐਡਵੋਕੇਟ ਜਸਪਾਲ ਸਿੰਘ ਦੱਪਰ, ਬਲਵਿੰਦਰ ਜੰਮੂ, ਸੁਦੇਸ਼, ਸੰਜੀਵਨ ਸਿੰਘ, ਰੰਜੀਵਨ, ਹਰਬੰਸ ਸਿੰਘ ਬਾਗੜੀ, ਲਾਲੀ, ਪ੍ਰਿੰਸੀਪਲ ਮਨਦੀਪ ਕੌਰ, ਐਡਵਕੇਟ ਜੋਗਿੰਦਰ ਸ਼ਰਮਾ, ਪ੍ਰੀਤਮ ਹੁੰਦਲ ਤੇ ਮੋਹਨ ਗਿੱਲ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਜੱਦੀ ਪਿੰਡ ਮਜਾਲੀਆ ਦੇ ਸਰਪੰਚ ਤੇ ਪਤਵੰਤੇ ਵੀ ਮੌਜੂਦ ਸਨ।
ਸੀਪੀਆਈ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਸੀਪੀਆਈ ਦੇ ਆਗੂਆਂ ਡਾ. ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਧਾਲੀਵਾਲ, ਭੁਪਿੰਦਰ ਸਾਂਬਰ, ਜਗਜੀਤ ਜੋਗਾ, ਹਰਭਜਨ ਸਿੰਘ, ਪਿਰਥੀ ਪਾਲ ਮਾੜੀਮੇਘਾ, ਗੁਲਜ਼ਾਰ ਗੋਰੀਆ ਅਤੇ ਹਰਭਜਨ ਗੰਭੀਰ ਨੇ ਸਾਥੀ ਹਰਪਾਲ ਨੂੰ ਪਾਰਟੀ ਲਈ ਸਭ ਕੁਝ ਕੁਰਬਾਨ ਕਰਨ ਵਾਲਾ ਸਿਰੜੀ ਯੋਧਾ ਤੇ ਸਮਰਪਿਤ ਕਮਿਊਨਿਸਟ ਆਖਦਿਆਂ ਉਨ੍ਹਾਂ ਦੇ ਦੇਹਾਂਤ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਪਾਰਟੀ ਆਗੂਆਂ ਅਤੇ ਏਟਕ ਜਥੇਬੰਦੀ ਨੂੰ ਕੋਵਿਡ-19 ਦੇ ਮੱਦੇਨਜ਼ਰ ਮੁਹਾਲੀ ਵਿੱਚ ਇਕੱਠ ਕਰਨ ਦੀ ਥਾਂ ਆਪੋ-ਆਪਣੀਆਂ ਯੂਨਿਟਾਂ ਵਿੱਚ ਇਕੱਤਰਤਾ ਕਰ ਕੇ ਹੀ ਮਰਹੂਮ ਆਗੂ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਵੀ ਕੀਤੀ।