ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 2 ਅਕਤੂਬਰ
ਸਥਾਨਕ ਰਿਸ਼ੀ ਵਿਹਾਰ ਇਲਾਕੇ ਵਿੱਚ ਆਰਓ ਠੀਕ ਕਰਨ ਬਹਾਨੇ ਘਰ ਵਿੱਚ ਦਾਖ਼ਲ ਹੋਏ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟਣ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਗੁਰਜੰਟ ਸਿੰਘ ਵਾਸੀ ਪਿੰਡ ਬੱਲ ਕਲਾਂ, ਸਰਬਜੀਤ ਸਿੰਘ ਵਾਸੀ ਮਜੀਠਾ, ਜਰਨੈਲ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ ਤੇ ਲਵਪ੍ਰੀਤ ਸਿੰਘ ਵਾਸੀ ਗੁਰੂ ਹਰ ਰਾਇ ਐਵੇਨਿਊ ਵਜੋਂ ਹੋਈ ਹੈ। ਪੁਲੀਸ ਨੂੰ ਮੁਲਜ਼ਮਾ ਕੋਲੋਂ 528 ਗ੍ਰਾਮ ਸੋਨੇ ਦੇ ਗਹਿਣੇ ਤੇ 35 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਗਹਿਣਿਆਂ ਦੀ ਬਾਜ਼ਾਰ ਵਿੱਚ ਕੀਮਤ 26 ਲੱਖ ਰੁਪਏ ਬਣਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚਾਰੇ ਮੁਲਜ਼ਮ ਤਰਖਾਣ ਕਿੱਤੇ ਨੇ ਜੁੜੇ ਹੋਏ ਹਨ ਤੇ ਇਨ੍ਹਾਂ ਵਿੱਚੋਂ ਦੋ ਨੇ ਪਹਿਲਾਂ ਉਕਤ ਘਰ ਵਿੱਚ ਲੱਕੜ ਦੀਆਂ ਅਲਮਾਰੀਆਂ ਤੇ ਦਰਾਜ ਆਦਿ ਬਣਾਉਣ ਦਾ ਕੰਮ ਕੀਤਾ ਸੀ, ਜਿਸ ਕਾਰਨ ਮੁਲਜ਼ਮ ਘਰ ਦੇ ਚੱਪੇ-ਚੱਪੇ ਤੋਂ ਵਾਕਫ਼ ਸਨ। ਇਸ ਮਗਰੋਂ ਬੀਤੀ 29 ਸਤੰਬਰ ਨੂੰ ਉਨ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਇਸ ਬਾਰੇ ਏਸੀਪੀ ਵਰਿੰਦਰ ਸਿੰਘ ਨੇ ਦੱਸਿਆ ਕਿ ਜਰਨੈਲ ਸਿੰਘ ਅਤੇ ਗੁਰਜੰਟ ਸਿੰਘ ਨੇ ਇਸ ਘਰ ਵਿੱਚ ਅਲਮਾਰੀਆਂ ਅਤੇ ਲਾਕਰ ਬਣਾਏ ਸਨ। ਇਸ ਕਰਕੇ ਉਹ ਘਰ ਦੇ ਮਾਹੌਲ ਤੋਂ ਜਾਣੂ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਕੁਝ ਦਿਨ ਘਰ ਦੀ ਰੇਕੀ ਕੀਤੀ ਤੇ ਮਗਰੋਂ ਗੁਰਜੰਟ ਅਤੇ ਸਰਬਜੀਤ ਆਰਓ ਠੀਕ ਕਰਨ ਦੇ ਬਹਾਨੇ ਘਰ ਵਿੱਚ ਦਾਖਲ ਹੋਏ, ਜਦਕਿ ਲਵਪ੍ਰੀਤ ਘਰ ਦੇ ਬਾਹਰ ਖੜ੍ਹਾ ਰਿਹਾ। ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਲਿਆ ਹੈ।