ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 30 ਸਤੰਬਰ
ਕ੍ਰਿਕਟਰ ਸੁਰੇਸ਼ ਰੈਣਾ ਦੇ ਨਜ਼ਦੀਕੀ ਰਿਸ਼ਤੇਦਾਰਾਂ ’ਤੇ ਹਮਲਾ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਗਿੱਦੜਬਾਹਾ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਟੀਮ ਨਾਲ ਗਿੱਦੜਬਾਹਾ-ਮਲੋਟ ਰੋਡ ’ਤੇ ਕੋਟਭਾਈ ਚੌਕ ਵਿਚ ਮੌਜੂਦ ਸਨ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕਾਜ਼ਮ ਉਰਫ ਟਿੰਡਾ ਵਾਸੀ ਤਲਾਪੜਾ ਥਾਣਾ ਗੰਗੋਹ ਜ਼ਿਲ੍ਹਾ ਸਹਾਰਨਪੁਰ, ਚਾਹਤ ਉਰਫ਼ ਜਾਨ, ਰਾਹੁਲ ਵਾਸੀ ਮੱਖਰਪੁਰ ਜ਼ਿਲ੍ਹਾ ਕਾਨਪੁਰ ਅਤੇ ਤਵੀਜਲ ਬੀਬੀ ਵਾਸੀ ਤਲਾਪੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੱਡਾ ਗਰੋਹ ਬਣਾਇਆ ਹੋਇਆ ਹੈ। ਇਹ ਗਰੋਹ ਭਿਖਾਰੀ ਆਦਿ ਦੇ ਭੇਸ ਵਿਚ ਵੱਡੇ ਘਰਾਂ ਦੀ ਰੇਕੀ ਕਰ ਕੇ ਰਾਤ ਸਮੇਂ ਹਥਿਆਰਾਂ ਦੀ ਨੋਕ ’ਤੇ ਕਤਲ, ਡਕੈਤੀਆਂ ਆਦਿ ਨੂੰ ਅੰਜਾਮ ਦਿੰਦਾ ਹੈ। ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਇਸ ਗਰੋਹ ਵੱਲੋਂ ਉੱਤਰਾਖੰਡ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੰਜਾਬ ’ਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ ਅਤੇ ਕਈ ਕੇਸਾਂ ਵਿਚ ਗਰੋਹ ਮੈਂਬਰ ਜੇਲ੍ਹ ਦੀ ਹਵਾ ਵੀ ਖਾ ਚੁੱਕੇ ਹਨ। ਗਰੋਹ ਵੱਲੋਂ 25-26 ਫਰਵਰੀ ਦੀ ਅੱਧੀ ਰਾਤ ਨੂੰ ਪਿੰਡ ਹੁਸਨਰ ਥਾਣਾ ਗਿੱਦੜਬਾਹਾ ਵਿਚ ਵੀ ਅਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ’ਚ ਇਕ ਔਰਤ ਗੰਭੀਰ ਜ਼ਖ਼ਮੀ ਹੋਈ ਸੀ। ਇਸ ਤੋਂ ਇਲਾਵਾ 19-20 ਅਗਸਤ ਦੀ ਰਾਤ ਨੂੰ ਉਨ੍ਹਾਂ ਨੇ ਪਿੰਡ ਬਰਿਆਲ ਸ਼ਾਹਪੁਰ ਕੰਡੀ ਜ਼ਿਲ੍ਹਾ ਪਠਾਨਕੋਟ ਦੇ ਲਿੰਕ ਰੋਡ ’ਤੇ ਘਰ ’ਚ ਲੁੱਟ ਕੀਤੀ ਸੀ, ਜਿਸ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋਈ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।