ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਾਣੀ ਕਾਰਨ ਸਟੇਨਲੈੱਸ ਸਟੀਲ ਦੇ ਪੁਰਜਿਆਂ ਨੂੰ ਖੁਰਨ ਤੋਂ ਰੋਕਣ ਦਾ ਹੱਲ ਲਭ ਲਿਆ ਗਿਆ ਹੈ। ਰਸਾਇਣਿਕ ਗੁਣਾਂ ਕਾਰਨ ਸਟੇਨਲੈੱਸ ਸਟੀਲ ਨੂੰ ਵੱਖ-ਵੱਖ ਪੁਰਜਿਆਂ ਦੇ ਨਿਰਮਾਣ ਲਈ ਪਣ ਬਿਜਲੀ ਘਰਾਂ ਵਿੱਚ ਵੱਡੇ ਪੱਧਰ ’ਤੇ ਵਰਤਿਆ ਜਾਂਦਾ ਹੈ, ਪਰ ਸਟੀਲ ਦੋ ਖੁਰਨ ਕਰਕੇ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਇਹ ਸਮੱਸਿਆ ਬਰਸਾਤ ਦੇ ਮੌਸਮ ਵਿੱਚ ਹੋਰ ਵੀ ਵੱਧ ਜਾਂਦੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਲੱਭੇ ਗਏ ਹੱਲ ਨਾਲ ਨਾ ਸਿਰਫ਼ ਪਣ ਬਿਜਲੀ ਪਲਾਂਟਾਂ ਵਿੱਚ ਸਟੀਲ ਦੇ ਪੁਰਜਿਆਂ ਖੁਰਨ ਨੂੰ ਘਟਾਇਆ ਜਾ ਸਕੇਗਾ, ਸਗੋਂ ਇਹ ਵਿਧੀ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਧਾਉਣ ਲਈ ਵੀ ਕਾਰਗਰ ਸਾਬਤ ਹੋਵੇਗੀ। ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਦੇ ਖੋਜਕਾਰ ਮੁਨੀਸ਼ ਕੁਮਾਰ ਵੱਲੋਂ ਇਹ ਖੋਜ ਕਾਰਜ ਪ੍ਰੋ. ਹਜ਼ੂਰ ਸਿੰਘ ਅਤੇ ਡਾ. ਬੂਟਾ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਕੀਤੀ ਗਈ ਹੈ।