ਪੱਤਰ ਪ੍ਰੇਰਕ
ਬਨੂੜ, 9 ਮਈ
ਨਜ਼ਦੀਕੀ ਪਿੰਡ ਮੁਠਿਆੜਾਂ ਦੇ ਟਰੱਕ ਡਰਾਈਵਰ ਸਿਮਰਨਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਨਾਲ ਪੰਜਾਹ ਹਜ਼ਾਰ ਦੀ ਆਨ-ਲਾਈਨ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੂੰ ਆਪਣੇ ਖਾਤੇ ਵਿੱਚੋਂ ਕਢਾਏ ਗਏ ਪੈਸਿਆਂ ਬਾਰੇ ਉਦੋਂ ਪਤਾ ਲੱਗਿਆ, ਜਦੋਂ ਉਹ ਖੁਦ ਏਟੀਐਮ ਰਾਹੀਂ ਪੈਸੇ ਕਢਵਾਉਣ ਗਿਆ ਤਾਂ ਖਾਤੇ ਵਿੱਚੋਂ ਪੰਜਾਹ ਹਜ਼ਾਰ ਦੀ ਰਾਸ਼ੀ ਗਾਇਬ ਸੀ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇੰਡੀਅਨ ਬੈਂਕ ਦੀ ਧਰਮਗੜ੍ਹ ਬਰਾਂਚ ਵਿੱਚ ਖਾਤਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਸ ਨੇ ਬਨੂੜ ਸਥਿਤ ਏਟੀਐਮ ਰਾਹੀਂ ਸੱਤ ਹਜ਼ਾਰ ਦੀ ਰਾਸ਼ੀ ਕਢਵਾਈ ਸੀ। ਉਹ ਦੁਬਾਰਾ 26 ਅਪਰੈਲ ਨੂੰ ਦਸ ਹਜ਼ਾਰ ਦੀ ਰਾਸ਼ੀ ਕਢਵਾਉਣ ਲੱਗਿਆ ਤਾਂ ਖਾਤੇ ਵਿੱਚੋਂ ਪੰਜਾਹ ਹਜ਼ਾਰ ਰੁਪਏ ਗਾਇਬ ਸਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਬੈਂਕ ਦੀ ਸ਼ਾਖਾ ਵਿੱਚੋਂ ਪਤਾ ਕਰਨ ’ਤੇ ਪਤਾ ਲੱਗਿਆ ਕਿ ਇਹ ਰਾਸ਼ੀ 26 ਅਪਰੈਲ ਨੂੰ ਹੀ ਮੁਹਾਲੀ ਅਤੇ ਚੰਡੀਗੜ੍ਹ ਦੇ ਏਟੀਐੱਮਾਂ ਰਾਹੀਂ 30 ਅਤੇ 20 ਹਜ਼ਾਰ ਰਾਹੀਂ ਦੋ ਵਾਰ ਕਢਾਈ ਗਈ ਸੀ। ਪੀੜਤ ਨੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਮੁਹਾਲੀ ਦੇ ਐਸਐਸਪੀ, ਰਿਜ਼ਰਵ ਬੈਂਕ ਅਤੇ ਹੋਰਨਾਂ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਂਕ ਦੀ ਸਬੰਧਤ ਸ਼ਾਖਾ ਦੇ ਮੈਨੇਜਰ ਨੂੰ ਵੀ ਉਨ੍ਹਾਂ ਮਦਦ ਅਪੀਲ ਕੀਤੀ ਹੈ ਪਰ ਮੈਨੇਜਰ ਨੇ ਕੋਈ ਵੀ ਸਹਾਇਤਾ ਕਰ ਸਕਣ ਤੋਂ ਅਸਮਰੱਥਾ ਪ੍ਰਗਟਾ ਦਿੱਤੀ। ਉਸ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।