ਖ਼ਤਰਨਾਕ ਰੁਝਾਨ
ਲਖਵੀਰ ਸਿੰਘ ਚੀਮਾ
ਟੱਲੇਵਾਲ, 2 ਜੁਲਾਈ
ਪੰਜਾਬ ਜਿੱਥੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ, ਉਥੇ ਫ਼ਸਲਾਂ ਉਪਰ ਕੀਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਦੀ ਵਧੇਰੇ ਵਰਤੋਂ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ। ਮੌਜੂਦਾ ਸਮੇਂ ਵਿੱਚ ਕਿਸਾਨਾਂ ਵਿੱਚ ਮੂੰਗੀ ਦੀ ਫ਼ਸਲ ਨੂੰ ਕੁਦਰਤੀ ਤੌਰ ’ਤੇ ਪੱਕਣ ਦੀ ਥਾਂ ਸੁਕਾਉਣ ਦਾ ਨਵਾਂ ਰੁਝਾਨ ਚੱਲਿਆ ਹੈ ਜੋ ਖਤਰਨਾਕ ਹੈ। ਕਿਸਾਨਾਂ ਵੱਲੋਂ ਗੈਰ ਕੁਦਰਤੀ ਤਰੀਕੇ ਨਾਲ ਮੂੰਗੀ ਦੀ ਫਸਲ ਦੇ ਪੱਤੇ ਸੁਕਾਉਣ ਲਈ ‘ਪੈਰਾਕੁਆਟ’ ਦਾ ਸਪਰੇਅ ਕੀਤਾ ਜਾ ਰਿਹਾ ਹੈ ਜੋ ਫ਼ਸਲ ਅਤੇ ਸਿਹਤ ਲਈ ਨੁਕਸਾਨਦੇਹ ਦੱਸੀ ਜਾ ਰਹੀ ਹੈ। ਇਸ ਦੀ ਵਰਤੋਂ ਨਾਲ ਕਿਡਨੀ ਤੇ ਲਿਵਰ ਨੂੰ ਵੀ ਨੁਕਸਾਨ ਪੁੱਜ ਸਕਦਾ ਹੈ।
ਝੋਨਾ ਲਗਾਉਣ ਦੀ ਕਾਹਲੀ ਕਰਕੇ ਕਿਸਾਨ ਮੂੰਗੀ ਦੀ ਫ਼ਸਲ ਛੇਤੀ ਵੱਢਣ ਲਈ ਕਾਹਲੇ ਹਨ ਕਿਉਂਕਿ ਮੌਨਸੂਨ ਸਿਰ ’ਤੇ ਹੈ। ਕਿਸਾਨ ਮੂੰਗੀ ਨੂੰ ਵੱਢ ਕੇ ਸੁਕਾਉਣ ਦੀ ਥਾਂ ਖੇਤ ਵਿੱਚ ਖੜ੍ਹੀ ਫ਼ਸਲ ਉਪਰ ਧੜਾਧੜ ‘ਪੈਰਾਕੁਆਟ’ ਦੀ ਵਰਤੋਂ ਕਰ ਰਹੇ ਹਨ। ਇਸ ਦੇ ਛਿੜਕਾਅ ਦੇ 24 ਤੋਂ 72 ਘੰਟਿਆਂ ਦਰਮਿਆਨ ਫ਼ਸਲ ਦੇ ਪੱਤੇ ਸੁੱਕ ਜਾਂਦੇ ਹਨ ਜਦਕਿ ਇਸ ਉਪਰ ਕੇਰਲਾ ਰਾਜ ਸਣੇ ਕਈ ਦੇਸ਼ਾਂ ਵਿੱਚ ਪਾਬੰਦੀ ਹੈ।
ਕੀਟਨਾਸ਼ਕ ਦਵਾਈਆਂ ਦੇ ਇੱਕ ਡੀਲਰ ਨੇ ਦੱਸਿਆ ਕਿ ‘ਪੈਰਾਕੁਆਟ’ ਨਦੀਨਾਂ ਦੇ ਖਾਤਮੇ ਲਈ ਬਣੀ ਹੈ ਪਰ ਕਿਸਾਨ ਖੇਤ ਵਿਚ ਖੜ੍ਹੀ ਆਲੂ ਅਤੇ ਮੂੰਗੀ ਦੀ ਫ਼ਸਲ ਸੁਕਾਉਣ ਲਈ ਇਸ ਦੀ ਵਰਤੋਂ ਕਰਨ ਲੱਗੇ ਹਨ। ‘ਪੈਰਾਕੁਆਟ’ ਦਾ ਛਿੜਕਾਅ ਕਰਨ ਵਾਲੇ ਇੱਕ ਕਿਸਾਨ ਦਾ ਕਹਿਣਾ ਹੈ ਕਿ ਫ਼ਸਲ ਨੂੰ ਵੱਢ ਕੇ ਸੁਕਾਉਣ ਉਪਰੰਤ ਮੀਂਹ ਪੈਣ ਕਰਕੇ ਫ਼ਸਲ ਦੇ ਖ਼ਰਾਬੇ ਦਾ ਡਰ ਹੈ, ਜਿਸ ਕਰਕੇ ਸਿਰਫ਼ 350 ਰੁਪਏ ਪ੍ਰਤੀ ਲਿਟਰ ਇਸ ਦਵਾਈ ਨਾਲ ਇੱਕ ਏਕੜ ਮੂੰਗੀ ਦੀ ਫ਼ਸਲ ਸੁੱਕ ਜਾਂਦੀ ਹੈ ਅਤੇ ਇਸ ਨੂੰ ਕੰਬਾਈਨ ਨਾਲ ਵੱਢਣਾ ਸੌਖਾ ਹੈ ਅਤੇ ਪ੍ਰਤੀ ਏਕੜ ਕੇਵਲ 2300 ਰੁਪਏ ਖ਼ਰਚ ਆਉਂਦਾ ਹੈ। ਪਿੰਡ ਚੀਮਾ ਦੇ ਕਿਸਾਨ ਗੁਰਪ੍ਰੀਤ ਸਿੰਘ ਕਾਲਾ ਨੇ ਦੱਸਿਆ ਕਿ ਉਸ ਨੇ ਕੁਦਰਤੀ ਤਰੀਕੇ ਮੂੰਗੀ ਨੂੰ ਪਹਿਲਾਂ ਵੱਢਿਆ ਅਤੇ ਬਾਅਦ ਵਿੱਚ ਪੰਜ ਦਿਨ ਖੁੱਲ੍ਹੇ ਖੇਤਾਂ ਵਿੱਚ ਸੁਕਾਇਆ ਅਤੇ ਹੜੰਬੇ ਨਾਲ ਫ਼ਸਲ ਨੂੰ ਕੱਢਿਆ। ਅਜਿਹਾ ਕਰਨ ਤੇ ਲੇਬਰ ਸਮੇਤ ਪ੍ਰਤੀ ਏਕੜ ਕਰੀਬ 7 ਹਜ਼ਾਰ ਖ਼ਰਚ ਆਇਆ ਜਦਕਿ ‘ਪੈਰਾਕੁਆਟ’ ਨਾਲ ਸੁਕਾ ਕੇ ਸਿਰਫ਼ ਕੰਬਾਈਨ ਦਾ ਦੋ ਹਜ਼ਾਰ ਰੁਪਏ ਦਾ ਖ਼ਰਚਾ ਆਇਆ ਤੇ ਸਮੇਂ ਦੀ ਬੱਚਤ ਵੀ ਹੋਈ।
ਪੈਰਾਕੁਆਟ ਦੀ ਵਰਤੋਂ ’ਤੇ ਪਾਬੰਦੀ ਲੱਗੇ: ਵਾਤਾਵਰਨ ਪ੍ਰੇਮੀ
ਵਾਤਾਵਰਨ ਪ੍ਰੇਮੀ ਗੁਰਮੀਤ ਸਿੰਘ ਗਾਗੇਵਾਲ ਦਾ ਕਹਿਣਾ ਹੈ ਕਿ ਜੋ ਦਵਾਈ ਪੱਤਿਆਂ ਨੂੰ ਤਿੰਨ ਦਿਨਾਂ ਵਿੱਚ ਸੁਕਾ ਦਿੰਦੀ ਹੈ, ਉਸਦਾ ਅਸਰ ਸਿਹਤ ਲਈ ਵੀ ਮਾੜਾ ਹੀ ਹੈ ਜਿਸ ਕਰਕੇ ਰਾਊਂਡਅੱਪ ਵਾਂਗ ‘ਪੈਰਾਕੁਆਟ’ ਉਪਰ ਵੀ ਪਾਬੰਦੀ ਲਾਈ ਜਾਣੀ ਚਾਹੀਦੀ ਹੈ। ‘ਪੈਰਾਕੁਆਟ’ ਵਿਰੁੱਧ ਮੁਹਿੰਮ ਚਲਾ ਰਹੇ ਨਿਹਾਲ ਸਿੰਘ ਵਾਲਾ ਦੇ ਡਾ. ਗੁਰਪ੍ਰਤਾਪ ਸਿੰਘ ਨੇ ਕਿਹਾ ਕਿ ਇਸ ਦਵਾਈ ਦਾ ਕੋਈ ਐਂਟੀਡੋਜ਼ ਨਹੀਂ ਹੈ ਜੇਕਰ 5 ਐਮਐਲ ਵੀ ਇਹ ਦਵਾਈ ਕਿਸੇ ਵਿਅਕਤੀ ਦੇ ਸਰੀਰ ਵਿੱਚ ਚਲੀ ਜਾਵੇ ਤਾਂ ਉਸ ਦੀ ਮੌਤ ਤੈਅ ਹੈ। ਬਰਨਾਲਾ ਦੇ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਜਗਦੀਸ਼ ਸਿੰਘ ਦਾ ਕਹਿਣਾ ਹੈ ਕਿ ‘ਪੈਰਾਕੁਆਟ’ ਸਿਰਫ਼ ਨਦੀਨਾਂ ਦੇ ਖਾਤਮੇ ਲਈ ਬਣੀ ਹੈ ਅਤੇ ਵਿਭਾਗ ਫ਼ਸਲਾਂ ਉਪਰ ਸਪਰੇਅ ਦੀ ਸਿਫ਼ਾਰਸ਼ ਨਹੀਂ ਕਰਦਾ ਜਦਕਿ ਕਿਸਾਨ ਸਮੇਂ ਦੀ ਘਾਟ ਕਾਰਨ ਇਸ ਦੀ ਵਰਤੋਂ ਕਰ ਰਹੇ ਹਨ।