ਕਿਸਾਨਾਂ ਵੱਲੋਂ ਕੇਂਦਰ ਦੀ ਪੇਸ਼ਕਸ਼ ਰੱਦ

ਬਿਨਾਂ ਸ਼ਰਤ ਗੱਲਬਾਤ ਲਈ ਕਿਹਾ; ਕਿਸਾਨਾਂ ਵੱਲੋਂ ਦਿੱਲੀ ਦੇ 5 ਮੁੱਖ ਮਾਰਗਾਂ ’ਤੇ ਬੈਠਣ ਦਾ ਐਲਾਨ

ਕਿਸਾਨਾਂ ਵੱਲੋਂ ਕੇਂਦਰ ਦੀ ਪੇਸ਼ਕਸ਼ ਰੱਦ

ਦਿੱਲੀ ਦੇ ਸਿੰਘੂ ਬਾਰਡਰ ਉੱਤੇ ਐਤਵਾਰ ਨੂੰ ਹੋਈ ਰੈਲੀ ’ਚ ਮੌਜੂਦ ਕਿਸਾਨ।

* ਬੁਰਾੜੀ ਨੂੰ ਖੁੱਲ੍ਹੀ ਜੇਲ੍ਹ ਗਰਦਾਨਿਆ

* ਮੰਗਾਂ ਨਾ ਮੰਨੇ ਜਾਣ ਤੱਕ ਧਰਨੇ ਦੇਣ ਦਾ ਲਿਆ ਫ਼ੈਸਲਾ

* ਮੇਧਾ ਪਾਟੇਕਰ ਅਤੇ ਯੋਗੇਂਦਰ ਯਾਦਵ ਦਾ ਮਿਲਿਆ ਸਾਥ

* ਬੁਰਾੜੀ ਗਈਆਂ 60 ਟਰਾਲੀਆਂ ਵਾਪਸ ਲਿਆਂਦੀਆਂ ਜਾਣਗੀਆਂ

ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 29 ਨਵੰਬਰ

ਦਿੱਲੀ ਦੇ ਬਾਹਰਵਾਰ ਸਿੰਘੂ ਸਰਹੱਦ ’ਤੇ ਪਿਛਲੇ ਚਾਰ ਦਿਨਾਂ ਤੋਂ ਡਟੇ ਹੋਏ ਕਿਸਾਨਾਂ ਨੇ ਕੇਂਦਰ ਵੱਲੋਂ ਸ਼ਰਤਾਂ ਸਹਿਤ ਗੱਲਬਾਤ ਕਰਨ ਦੇ ਦਿੱਤੇ ਸੱਦੇ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਹੈ। ਕਿਸਾਨ ਯੂਨੀਅਨਾਂ ਨੇ ਬੁਰਾੜੀ ਮੈਦਾਨ ਨੂੰ ‘ਖੁੱਲ੍ਹੀ ਜੇਲ੍ਹ’ ਗਰਦਾਨਦਿਆਂ ਦਿੱਲੀ ਨੂੰ ਜੋੜਨ ਵਾਲੇ 5 ਮੁੱਖ ਮਾਰਗਾਂ ਨੂੰ ਬੰਦ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਦੌਰਾਨ ਸਮਾਜਿਕ ਕਾਰਕੁਨ ਮੇਧਾ ਪਾਟੇਕਰ ਨੇ ਸਿੰਘੂ ’ਚ ਕਿਸਾਨ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਵੱਲ ਦੇਖ ਰਹੇ ਹਨ ਤਾਂ ਜੋ ਉਨ੍ਹਾਂ ਨੂੰ ਕੇਂਦਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਇਨਸਾਫ਼ ਮਿਲੇ ਸਕੇ।

ਕੇਂਦਰ ਸਰਕਾਰ ਵੱਲੋਂ ਅੰਦੋਲਨਕਾਰੀ ਕਿਸਾਨ ਜਥੇਬੰਦੀਆਂ ਨੂੰ ਬੁਰਾੜੀ ਮੈਦਾਨ ਵਿੱਚ ਧਰਨਾ ਤਬਦੀਲ ਕਰਨ ਦੀ ਸ਼ਰਤ ਨਾਲ ਮੁੜ ਗੱਲਬਾਤ ਦਾ ਸੱਦਾ ਦਿੱਤਾ ਗਿਆ ਸੀ। ਪੱਤਰ ਵਿੱਚ ਕਿਹਾ ਗਿਆ ਕਿ ਕੇਂਦਰੀ ਮੰਤਰੀਆਂ ਦੀ ਉੱਚ-ਪੱਧਰੀ ਟੀਮ ਵਿਗਿਆਨ ਭਵਨ ’ਚ ਵਾਰਤਾ ਲਈ ਤਿਆਰ ਹੈ।  ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਪੱਤਰ ਵਿੱਚ ਕਿਹਾ ਹੈ ਕਿ ਦਿੱਲੀ ਅੰਦਰ ਕਰੋਨਾਵਾਇਰਸ ਅਤੇ ਠੰਢ ਦੇ ਪ੍ਰਕੋੋਪ ਕਾਰਨ ਕਿਸਾਨ ਬੁਰਾੜੀ ਮੈਦਾਨ ਵਿੱਚ ਚਲੇ ਜਾਣ ਜਿੱਥੇ ਉਨ੍ਹਾਂ ਲਈ ਢੁੱਕਵੀਆਂ ਸਹੂਲਤਾਂ ਹਨ। ਬੀਤੇ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕਿਸਾਨਾਂ ਨੂੰ ਬੁਰਾੜੀ ਮੈਦਾਨ ਜਾਣ ’ਤੇ ਹੀ ਫੌਰੀ ਗੱਲਬਾਤ ਦੀ ਪੇਸ਼ਕਸ਼ ਕੀਤੀ ਸੀ ਜੋ ਕਿਸਾਨਾਂ ਨੇ ਠੁਕਰਾ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਬੁਰਾੜੀ ਨੂੰ ‘ਖੁੱਲ੍ਹੀ ਜੇਲ੍ਹ’ ਗਰਦਾਨਦਿਆਂ ਦੱਸਿਆ ਕਿ ਕਿਸਾਨ ਜਥੇਬੰਦੀਆਂ ਨੇ ਦਿੱਲੀ ਲਈ 5 ਮੁੱਖ ਮਾਰਗਾਂ ਦਿੱਲੀ-ਸੋਨੀਪਤ ਮਾਰਗ ਦੇ ਸਿੰਘੂ ਬਾਰਡਰ, ਦਿੱਲੀ-ਬਹਾਦਰਗੜ੍ਹ ਮਾਰਗ ਦੇ ਟਿਕਰੀ ਵਿਖੇ ਲਾਏ ਧਰਨਿਆਂ ਦੇ ਨਾਲ-ਨਾਲ ਦਿੱਲੀ-ਮਥੁਰਾ ਮਾਰਗ ’ਤੇ ਬੱਲਭਗੜ੍ਹ ਨੇੜੇ, ਦਿੱਲੀ-ਜੈਪੁਰ ਮਾਰਗ ’ਤੇ ਧਾਰੂਹੇੜਾ ਅਤੇ ਦਿੱਲੀ-ਗਾਜ਼ੀਆਬਾਦ ਦੇ ਹਾਪੁੜ ’ਚ ਪੱਕੇ ਧਰਨੇ ਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਤੋਂ ਤੁਰੇ ਹੋਏ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਅਤੇ ਉਸ ਦੇ ਸਾਥੀ ਕਿਸਾਨਾਂ ਨੂੰ ਦਿੱਲੀ ਦੇ ਜੰਤਰ-ਮੰਤਰ ਲਿਜਾਉਣ ਦਾ ਲਾਰਾ ਲਾਇਆ ਗਿਆ ਸੀ ਪਰ ਉਨ੍ਹਾਂ ਨੂੰ ਫਿਰ ਬੁਰਾੜੀ ਜਾਣ ਲਈ ਕਿਹਾ ਗਿਆ ਜਿੱਥੋਂ ਨਿਕਲਣਾ ਮੁਸ਼ਕਲ ਹੈ। ਇਸ ਕਰਕੇ ਕਿਸਾਨ ਖੁੱਲ੍ਹੀ ਜੇਲ੍ਹ ਵਿੱਚ ਜਾਣ ਲਈ ਤਿਆਰ ਨਹੀਂ ਹਨ। ਉਨ੍ਹਾਂ ਕਿਹਾ ਕਿ ਤਿੰਨ ਖੇਤੀ ਕਾਨੂੰਨ, ਪਰਾਲੀ ਅਤੇ ਬਿਜਲੀ ਬਾਰੇ ਪ੍ਰਸਤਾਵਿਤ ਬਿੱਲ ਰੱਦ ਕਰਨ, ਕਰਜ਼ਾ ਮੁਆਫ਼ੀ, ਡੀਜ਼ਲ ਅੱਧੇ ਭਾਅ ’ਤੇ ਦੇਣ ਅਤੇ ਬੁੱਧੀਜੀਵੀਆਂ ਦੀ ਰਿਹਾਈ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਕਿਸਾਨ ਧਰਨੇ ’ਤੇ ਬੈਠੇ ਰਹਿਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਕੋਲ 4 ਮਹੀਨਿਆਂ ਦਾ ਬੰਦੋਬਸਤ ਹੈ। ਉਨ੍ਹਾਂ ਦੱਸਿਆ ਕਿ ਬੁਰਾੜੀ ਮੈਦਾਨ ’ਚ ਗਈਆਂ ਕਰੀਬ 60 ਟਰਾਲੀਆਂ ਵੀ ਵਾਪਸ ਲਿਆਂਦੀਆਂ ਜਾਣਗੀਆਂ। ਪੰਜ ਥਾਵਾਂ ’ਤੇ ਦਿੱਤੇ ਜਾਣ ਵਾਲੇ ਧਰਨਿਆਂ ਦੇ ਸੁਚੱਜੇ ਸੰਚਾਲਨ ਲਈ 5 ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਬੁਲਾਰਿਆਂ ਦੇ ਬੋਲਣ ਅਤੇ ਸਮਾਂ ਦੇਣ ਬਾਰੇ ਫ਼ੈਸਲਾ ਕਰੇਗੀ। ਵਾਲੰਟੀਅਰਾਂ ਦੀ ਟੀਮ ਕਾਇਮ ਕਰਕੇ ਵੀ ਸੰਚਾਲਨ ਨੂੰ ਦਰੁੱਸਤ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਸਰਕਾਰ ਦੀ ਨੀਅਤ ਸਾਫ਼ ਹੁੰਦੀ ਤਾਂ ਕੇਂਦਰੀ ਮੰਤਰੀ ਕਿਸਾਨਾਂ ਨਾਲ ਪਹਿਲਾਂ ਹੀ ਗੱਲ ਕਰਦੇ ਜਿਸ ਨਾਲ ਕਿਸਾਨਾਂ ਦੇ ਗੁੱਸੇ ਵਿੱਚ ਆਉਣ ਦੀ ਨੌਬਤ ਨਾ ਆਉਂਦੀ। ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨਾਲ ਕੋਈ ਗੱਲ ਨਹੀਂ ਕੀਤੀ ਅਤੇ ਇਨ੍ਹਾਂ ਕਾਨੂੰਨਾਂ ਵਿੱਚ ਕਿਸਾਨਾਂ ਨੂੰ ਦਿੱਤੇ ਗਏ  ਕਾਨੂੰਨੀ ਅਧਿਕਾਰ ਵੀ ਖੁੰਢੇ ਹੀ ਹਨ। ਡਾ. ਦਰਸ਼ਨਪਾਲ ਨੇ ਕਿਹਾ ਕਿ ਕਿਸਾਨਾਂ ਨੇ ਕੇਂਦਰ ਦੀ ਪੇਸ਼ਕਸ਼ ਰੱਦ ਕਰ ਦਿੱਤੀ ਹੈ ਅਤੇ ਜੇਕਰ ਉਹ ਗੱਲਬਾਤ ਲਈ ਸ਼ਰਤਾਂ ਰਖਣਗੇ ਤਾਂ ਕਿਸਾਨ ਸਰਕਾਰ ਨਾਲ ਗੱਲਬਾਤ ਨਹੀਂ ਕਰਨਗੇ। ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਆਕੜ ਤਾਂ ਖ਼ਤਮ ਹੋ ਗਈ ਹੈ। ‘ਰੱਸੀ ਸੜ ਗਈ ਹੈ ਪਰ ਵੱਟ ਨਹੀਂ ਗਿਆ।’ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸ਼ਰਤਾਂ ਲਾਉਣ ਵਾਲੀ ਕੌਣ ਹੁੰਦੀ ਹੈ। 

ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ। -ਫੋਟੋਆਂ: ਮਾਨਸ ਰੰਜਨ ਭੂਈ

ਲੱਖੋਵਾਲ ਧੜੇ ਵੱਲੋਂ ਸਾਰਿਆਂ ਨੂੰ ਸੰਘਰਸ਼ ’ਚ ਸ਼ਾਮਲ ਹੋਣ ਦਾ ਸੱਦਾ 

ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਦੇ ਸਾਰੇ ਕਿਸਾਨਾਂ, ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਧ-ਚੜ੍ਹ ਕੇ ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ। ਉਨ੍ਹਾਂ ਵੱਧ ਤੋਂ ਵੱਧ ਕਿਸਾਨਾਂ ਨੂੰ ਦਿੱਲੀ ਧਰਨੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਤਾਂ ਜੋ ਕੇਂਦਰ ਸਰਕਾਰ ਤੋਂ ਕਾਲੇ ਕਾਨੂੰਨ ਰੱਦ ਕਰਵਾਏ ਜਾ ਸਕਣ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਰਤਾਂ ਨਾਲ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਕਿਸਾਨ ਸਰਕਾਰ ਦੀਆਂ ਸਾਰੀਆਂ ਚਾਲਾਂ ਸਮਝਦੇ ਹਨ। ਲੱਖੋਵਾਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਅਤੇ ਕਾਨੂੰਨ ਰੱਦ ਕਰਕੇ ਸਾਜ਼ਗਾਰ ਮਾਹੌਲ ਪੈਦਾ ਕਰੇ। 

ਸੁਪਰੀਮ ਕੋਰਟ ਦੇ ਵਕੀਲਾਂ ਵੱਲੋਂ ਕਿਸਾਨਾਂ ਨੂੰ ਸਮਰਥਨ 

ਨਵੀਂ ਦਿੱਲੀ (ਪੱਤਰ ਪ੍ਰੇਰਕ): ਸੁਪਰੀਮ ਕੋਰਟ ਦੇ ਵਕੀਲ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਮਰਥਨ ਕੀਤਾ ਹੈ। ਸੀਨੀਅਰ ਵਕੀਲ ਤੇ ਸਾਬਕਾ ਵਿਧਾਇਕ ਐੱਚ.ਐੱਸ. ਫੂਲਕਾ ਵੱਲੋਂ ਐਲਾਨ ਕੀਤਾ ਗਿਆ ਕਿ ਸੁਪਰੀਮ ਕੋਰਟ ਦੇ ਵਕੀਲ ਕਿਸਾਨਾਂ ਦੇ ਹੱਕ ’ਚ ਹਨ। ਸ੍ਰੀ ਫੂਲਕਾ ਨੇ ਵੀ ਕਿਸਾਨਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ, ‘ਉਸ ਦੇ ਵਿਰੋਧ ਨੂੰ ਸਿਆਸੀ ਰੰਗਤ ਦੇਣਾ ਗਲਤ ਹੈ। ਉਨ੍ਹਾਂ ਦੀ ਮੰਗ ਨਿਆਂਇਕ ਹੈ ਤੇ ਸਰਕਾਰ ਇਹ ਸਵੀਕਾਰ ਕਰਨੀ ਚਾਹੀਦੀ ਹੈ।’ ਇਸ ਦੌਰਾਨ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਨਿਰੰਕਾਰੀ ਮੈਦਾਨ ਨੂੰ ਦੂਜਾ ਸ਼ਾਹੀਨ ਬਾਗ ਬਣਾਉਣਾ ਚਾਹੁੰਦੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ। 

‘ਖਾਪ’ ਪੰਚਾਇਤਾਂ ਵਲੋਂ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਦਾ ਫ਼ੈਸਲਾ

ਚੰਡੀਗੜ੍ਹ: ਹਰਿਆਣਾ ਦੀਆਂ ਕਈ ‘ਖਾਪ’ ਪੰਚਾਇਤਾਂ ਨੇ ਕਿਸਾਨਾਂ ਦੇ ‘ਦਿੱਲੀ ਚੱਲੋ’ ਸੱਦੇ ਦਾ ਸਮਰਥਨ ਕਰਦਿਆਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਰੋਹਤਕ ਵਿੱਚ 30 ‘ਖਾਪ’ ਪੰਚਾਇਤਾਂ ਦੇ ਮੁਖੀਆਂ ਦੀ ਅੱਜ ਹੋਈ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਇਹ ਜਾਣਕਾਰੀ ਹਰਿਆਣਾ ਦੇ ਹਲਕਾ ਦਾਦਰੀ ਤੋਂ ਆਜ਼ਾਦ ਵਿਧਾਇਕ ਸੋਮਬੀਰ ਸਾਂਗਵਾਨ ਨੇ ਦਿੱਤੀ। -ਪੀਟੀਆਈ

ਬੀਕੇਯੂ ਉਗਰਾਹਾਂ ਵਲੋਂ 11 ਥਾਵਾਂ ’ਤੇ ਪ੍ਰਦਰਸ਼ਨ

ਨਵੀਂ ਦਿੱਲੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਵੱਡਾ ਕਾਫ਼ਲਾ ਟਿਕਰੀ ਬਾਰਡਰ ਤੋਂ ਲੈ ਕੇ ਕਰੀਬ 50 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਇਸ ਲੰਮੇ ਕਾਫ਼ਲੇ ਵੱਲੋਂ ਅੱਜ ਮੁੱਖ ਸੜਕ ’ਤੇ ਗਿਆਰਾਂ ਥਾਵਾਂ ਉੱਤੇ ਸਟੇਜਾਂ ਲਾ ਕੇ ਸਾਰਾ ਦਿਨ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ ਗਏ। ਯੂਨੀਅਨ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ’ਤੇ ਹੋਏ ਪ੍ਰਦਰਸ਼ਨਾਂ ’ਚ ਵੱਡੀ ਗਿਣਤੀ ਕਿਸਾਨ ਸ਼ਾਮਲ ਸਨ, ਜਿਨ੍ਹਾਂ ਵਲੋਂ ਕਿਸਾਨ ਕਾਫ਼ਲੇ ਵਿਚ ਸ਼ਾਮਲ ਗੱਡੀ ਨੂੰ ਬੀਤੀ ਰਾਤ ਅੱਗ ਲੱਗ ਜਾਣ ਕਾਰਨ ਵਿਛੋੜਾ ਦੇ ਗਏ ਜਨਕ ਰਾਜ ਧਨੌਲਾ ਨੂੰ ਸ਼ਰਧਾਂਜਲੀਆਂ ਭੇਟ ਕਰਕੇ ਸਟੇਜਾਂ ਦੀ ਕਾਰਵਾਈ ਸ਼ੁਰੂ ਕੀਤੀ ਗਈ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਉਹ ਕੇਂਦਰ ਸਰਕਾਰ ਵੱਲੋਂ ਲਾਈਆਂ ਸ਼ਰਤਾਂ ਤਹਿਤ ਗੱਲਬਾਤ ਨਹੀਂ ਕਰਨਗੇ। ਉਨ੍ਹਾਂ ਆਖਿਆ ਕਿ ਜੇਕਰ ਅੱਜ ਦਿੱਲੀ ’ਚ ਲੱਖਾਂ ਕਿਸਾਨਾਂ ਦੀ ਆਮਦ ਕਾਰਨ ਦਿੱਲੀ ਵਾਸੀਆਂ ਨੂੰ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ ਤਾਂ ਇਸ ਲਈ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ। 

ਸੱਤਾ ਦੇ ਨਸ਼ੇ ’ਚ ਚੂਰ ਹੈ ਮੋਦੀ ਸਰਕਾਰ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਹਮਾਇਤ ਕੀਤੇ ਜਾਣ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਸਰਕਾਰ ਸੱਤਾ ਦੇ ਨਸ਼ੇ ’ਚ ਚੂਰ ਹੋ ਹੈ ਤੇ ਖੇਤੀ ਕਾਨੂੰਨਾਂ ਲਈ ਅੜੀ ਹੋਈ ਹੈ। ਕਾਂਗਰਸ ਨੇ ਨਾਲ ਹੀ ਇਹ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਇਹ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ, ‘ਪ੍ਰਧਾਨ ਮੰਤਰੀ ਨੇ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ’ਚ ਸੰਸਦ ’ਚ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਸਹੀ ਠਹਿਰਾਇਆ ਹੈ ਜਿਸ ਤੋਂ ਉਨ੍ਹਾਂ ਦਾ ਦੇਸ਼ ਦੇ 62 ਕਰੋੜ ਕਿਸਾਨਾਂ ਤੇ ਖੇਤ ਮਜ਼ਦੂਰਾਂ ਪ੍ਰਤੀ ਜ਼ਿੱਦੀ, ਆਕੜ ਭਰਿਆ ਤੇ ਸਖਤ ਰਵੱਈਆ ਸਾਹਮਣੇ ਆਇਆ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅੱਜ ਦੇ ਸੰਬੋਧਨ ਤੋਂ ਸਪੱਸ਼ਟ ਹੋ ਗਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਸੱਤਾ ਦੇ ਨਸ਼ੇ ’ਚ ਚੂਰ ਹੈ ਤੇ ਇਸ ਨੂੰ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕੋਈ ਫਿਕਰ ਨਹੀਂ ਹੈ। ਸੁਰਜੇਵਾਲਾ ਨੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਿਸਾਨਾਂ ਨਾਲ ਰਾਬਤਾ ਕਰਨ ਦੀ ਥਾਂ ਹੈਦਰਾਬਾਦ ’ਚ ਸਿਆਸੀ ਸਮਾਗਮ ’ਚ ਸ਼ਾਮਲ ਹੋਣ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, ‘ਗ੍ਰਹਿ ਮੰਤਰੀ ਕੋਲ 1200 ਕਿਲੋਮੀਟਰ ਦੂਰ ਹੈਦਰਾਬਾਦ ’ਚ ਸਿਆਸੀ ਸਮਾਗਮ ’ਚ ਸ਼ਾਮਲ ਹੋਣ ਦਾ ਸਮਾਂ ਹੈ ਪਰ 15 ਕਿਲੋਮੀਟਰ ਦੂਰ ਬੈਠੇ ਕਿਸਾਨਾਂ ਨਾਲ ਗੱਲਬਾਤ ਦਾ ਸਮਾਂ ਨਹੀਂ ਹੈ। ਖੇਤੀ ਮੰਤਰੀ ਨੇ ਕਿਸਾਨਾਂ ਨਾਲ ਗੱਲਬਾਤ ਲਈ 3 ਦਸੰਬਰ ਦੀ ਹੀ ਤਾਰੀਕ ਕਿਉਂ ਰੱਖੀ ਹੈ। ਕੀ ਉਨ੍ਹਾਂ ਕਿਸੇ ਤੋਂ ਕੋਈ ਮਹੂਰਤ ਕਢਵਾਇਆ ਹੋਇਆ ਹੈ।’ ਉਨ੍ਹਾਂ ਮੋਦੀ ਸਰਕਾਰ ਨੂੰ ਸਵਾਲ ਕੀਤਾ ਕਿ 12 ਹਜ਼ਾਰ ਕਿਸਾਨਾਂ ਖ਼ਿਲਾਫ਼ ਕੇਸ ਕਿਉਂ ਦਰਜ ਕੀਤੇ ਗਏ ਹਨ ਤੇ ਉਨ੍ਹਾਂ ਨਾਲ ਗੱਲਬਾਤ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂਆਂ ਤੇ ਭਾਜਪਾ ਦੀ ਅਗਵਾਈ ਹੇਠਲੇ ਸੂਬਿਆਂ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਅਤਿਵਾਦੀ ਆਖ ਰਹੇ ਹਨ ਅਤੇ ਮੋਦੀ ਸਰਕਾਰ ਦੀ ਸਰਪ੍ਰਸਤੀ ਵਾਲੇ ਟੀਵੀ ਚੈਨਲ ਦੇਸ਼ ਦੇ 62 ਕਰੋੜ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਦੇਸ਼ ਵਿਰੋਧੀ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਹੁਣ ਹੋਵੇਗੀ ‘ਕਿਸਾਨ ਕੀ ਬਾਤ’: ਰਾਹੁਲ

ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ’ਤੇ ਪ੍ਰਤੀਕਿਰਿਆ ਦਿੰਦਿਆਂ ਹਿੰਦੀ ’ਚ ਟਵੀਟ ਕੀਤਾ, ‘ਅਬ ਹੋਗੀ ਕਿਸਾਨ ਕੀ ਬਾਤ।’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਦੋਸ਼ ਲਾਇਆ, ‘ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਆਮਦਨ ਦੁੱਗਣੀ ਹੋਈ ਹੈ, ਪਰ ਅਡਾਨੀ ਤੇ ਅੰਬਾਨੀ ਦੀ।’ ਉਨ੍ਹਾਂ ਕਿਹਾ, ‘ਜਿਹੜੇ ਅਜੇ ਵੀ ਕਾਲੇ ਖੇਤੀ ਕਾਨੂੰਨਾਂ ਦੀ ਹਮਾਇਤ ਕਰ ਰਹੇ ਹਨ, ਉਨ੍ਹਾਂ ਤੋਂ ਕਿਸਾਨਾਂ ਦੇ ਭਲੇ ਦੀ ਕੀ ਉਮੀਦ ਰੱਖੀ ਜਾ ਸਕਦੀ ਹੈ?’ -ਪੀਟੀਆਈ

ਕੇਂਦਰ ਕਿਸਾਨਾਂ ਨਾਲ ‘ਅਤਿਵਾਦੀਆਂ’ ਵਰਗਾ ਸਲੂਕ ਕਰ ਰਿਹੈ: ਰਾਊਤ

ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਹੈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਕੇਂਦਰ ਵੱਲੋਂ ਇੰਜ ਦਾ ਵਤੀਰਾ ਕੀਤਾ ਜਾ ਰਿਹਾ ਹੈ ਜਿਵੇਂ ਉਹ ‘ਅਤਿਵਾਦੀ’ ਹੋਣ। ਉਨ੍ਹਾਂ ਕਿਹਾ ਕਿ ਇਹ ਅਫ਼ਸੋਸ ਵਾਲੀ ਗੱਲ ਹੈ ਕਿ ਕਿਸਾਨਾਂ ਨੂੰ ਦਿੱਲੀ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਊਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ। ਰਾਜ ਸਭਾ ਮੈਂਬਰ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਵੰਡਪਾਊ ਤਾਕਤਾਂ ਕਰਾਰ ਦਿੱਤਾ ਜਾ ਰਿਹਾ ਹੈ ਕਿਉਂਕਿ ਉਹ ਪੰਜਾਬ ਤੋਂ ਆਏ ਹਨ। ਉਨ੍ਹਾਂ ਸਵਾਲ ਕੀਤਾ ਕੀਤਾ ਕਿ ਕੀ ਕਿਸਾਨਾਂ ਨੂੰ ਖਾਲਿਸਤਾਨ ਲਹਿਰ ਦੀ ਯਾਦ ਕਰਵਾ ਕੇ ਕੇਂਦਰ ਪੰਜਾਬ ਨੂੰ ਅਸਥਿਰ ਬਣਾਉਣਾ ਚਾਹੁੰਦਾ ਹੈ । -ਪੀਟੀਆਈ

ਕੈਪਟਨ ਅਤੇ ਖੱਟਰ ਆਪਸ ਵਿੱਚ ਉਲਝੇ

ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਆਪਸੀ ਸਿਆਸੀ ਜੰਗ ’ਚ ਉਲਝਣ ਲੱਗੇ ਹਨ। ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਅੱਜ ਆਖਿਆ ਕਿ ਜੇਕਰ ਕਰੋਨਾ ਕਾਰਨ ਹਰਿਆਣਾ ਵਿੱਚ ਸਥਿਤੀ ਵਿਗੜੀ ਤਾਂ ਉਸ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਮੁੜ ਗੱਲ ਦੁਹਰਾਈ ਕਿ ਉਨ੍ਹਾਂ ਅਮਰਿੰਦਰ ਨਾਲ ਗੱਲ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਕੈਪਟਨ ਨੇ ਕਿਸੇ ਵੀ ਫੋਨ ਦਾ ਜੁਆਬ ਨਹੀਂ ਦਿੱਤਾ। ਮੁੱਖ ਮੰਤਰੀ ਖੱਟੜ ਦੇ ਿਆਸੀ ਸਕੱਤਰ ਨੇ ਤਾਂ ਅੱਜ ਖੱਟੜ ਵੱਲੋਂ ਅਮਰਿੰਦਰ ਸਿੰਘ ਨੂੰ ਕੀਤੀਆਂ ਫੋਨ ਕਾਲਾਂ ਦੀ ਸੂਚੀ ਵੀ ਜਨਤਕ ਕੀਤੀ ਹੈ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਉਹ (ਖੱਟਰ) ਹਰਿਆਣਾ ਵਿਚ ਕਿਸਾਨਾਂ ਕਰਕੇ ਕਰੋਨਾ ਫੈਲਣ ਸਬੰਧੀ ਇੰਨੇ ਚਿੰਤਤ ਸਨ ਤਾਂ ਉਨ੍ਹਾਂ ਨੂੰ ਕਿਸਾਨਾਂ ਨੂੰ ਸੂਬੇ ’ਚ ਹੀ ਨਾ ਰੋਕ ਕੇ ਤੁਰੰਤ ਦਿੱਲੀ ਵੱਲ ਜਾਣ ਦੀ ਆਗਿਆ ਦੇਣੀ ਚਾਹੀਦੀ ਸੀ। ਅਮਰਿੰਦਰ ਨੇ ਕਿਹਾ ਕਿ ਖੱਟੜ ਸਰਕਾਰ ਨੇ ਪਿਛਲੇ 3 ਦਿਨਾਂ ਤੋਂ ਕਿਸਾਨਾਂ ਨੂੰ ਜ਼ਬਰਦਸਤੀ ਅੱਗੇ ਵਧਣ ਤੋਂ ਰੋਕ ਕੇ ਸਰਹੱਦਾਂ ਬੰਦ ਕਰਕੇ ਰੱਖੀਆਂ। ਮੁੱਖ ਮੰਤਰੀ ਨੇ ਖੱਟਰ ਸਰਕਾਰ ਵੱਲੋਂ ਜਾਰੀ ਕੀਤੇ ਫੋਨ ਕਾਲ ਦੀ ਸੂਚੀ ਨੂੰ ਮੁਕੰਮਲ ਢਕਵੰਜ ਦੱਸਦਿਆਂ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਆਪਣੇ ਹੀ ਸਰਕਾਰੀ ਰਜਿਸਟਰ ਦਾ ਪੰਨਾ ਦਿਖਾਉਣ ਨਾਲ ਐੱਮਐੱਲ ਖੱਟੜ ਦੇ ਝੂਠਾਂ ਉਤੇ ਪਰਦਾ ਨਹੀਂ ਪੈ ਸਕਦਾ ਅਤੇ ਜੇਕਰ ਉਹ ਸੱਚਮੁੱਚ ਹੀ ਸੰਪਰਕ ਸਾਧਣਾ ਚਾਹੁੰਦੇ ਸਨ ਤਾਂ ਉਹ ਅਧਿਕਾਰਤ ਢੰਗ-ਤਰੀਕਾ ਵਰਤ ਸਕਦੇ ਸਨ ਜਾਂ ਫਿਰ ਉਨ੍ਹਾਂ ਦੇ ਮੋਬਾਈਲ ’ਤੇ ਕਾਲ ਕਰ ਸਕਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਿਖਰਲੇ ਅਧਿਕਾਰੀ ਕਿਸਾਨ ਮੁੱਦੇ ਉਤੇ ਪਿਛਲੇ ਕਈ ਦਿਨਾਂ ਤੋਂ ਦੋਵਾਂ ਪਾਸਿਆਂ ਤੋਂ ਇਕ-ਦੂਜੇ ਦੇ ਸੰਪਰਕ ਵਿੱਚ ਸਨ, ਇਨ੍ਹਾਂ ਵਿੱਚੋਂ ਵੀ ਕਿਸੇ ਅਧਿਕਾਰੀ ਨੇ ਕਿਸੇ ਵੀ ਮੌਕੇ ’ਤੇ ਮੇਰੇ ਨਾਲ ਗੱਲ ਕਰਨ ਬਾਰੇ ਖੱਟਰ ਦੀ ਇੱਛਾ ਬਾਰੇ ਨਹੀਂ ਦੱਸਿਆ। ਹਰਿਆਣਾ ਦੇ ਮੁੱਖ ਮੰਤਰੀ ਨੂੰ ਝੂਠ ਬੋਲਣਾ ਬੰਦ ਕਰਨ ਲਈ ਆਖਿਆ।  ਕੈਪਟਨ ਨੇ ਕਿਹਾ ਕਿ ਅਸਲ ’ਚ ਹਰਿਆਣਾ ਦੇ ਮੁੱਖ ਮੰਤਰੀ ਕਿਸਾਨਾਂ ਨੂੰ ਦਬਾਉਣ ਦੇ ਯਤਨ ਵਿੱਚ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਖੱਟੜ ਦੇ ਝੂਠ ਨੂੰ ਹਰਿਆਣਾ ਦੇ ਕਿਸਾਨਾਂ ਨੇ ਖੁਦ ਹੀ ਜ਼ਾਹਿਰ ਕਰ ਦਿੱਤਾ ਹੈ। ਇੱਥੋਂ ਤੱਕ ਕਿ ਖੱਟੜ ਸੰਕਟ ਦੀ ਇਸ ਘੜੀ ਵਿੱਚ ਕਿਸਾਨਾਂ ਨਾਲ ਖੜ੍ਹਨ ਦੀ ਬਜਾਏ ਉਨ੍ਹਾਂ ਨੂੰ ਖਾਲਿਸਤਾਨੀ ਪੁਕਾਰ ਸਕਦਾ ਹੈ, ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਅਜਿਹੇ ਵਿਅਕਤੀ ਨੂੰ ਝੂਠ ਫੈਲਾਉਣ ਬਾਰੇ ਕੋਈ ਨੈਤਿਕ ਝਿਜਕ ਜਾਂ ਸ਼ਰਮ ਨਹੀਂ ਹੈ। ਦੂਜੇ ਪਾਸੇ ਖੱਟੜ ਨੇ ਕਿਹਾ ਹੈ ਕਿ ਜੋ ਭਾਸ਼ਾ ਅਮਰਿੰਦਰ ਸਿੰਘ ਵਰਤ ਰਹੇ ਹਨ, ਉਹ ਇਸ ਤਰ੍ਹਾਂ ਦੀ ਭਾਸ਼ਾ ਵਰਤਣ ਤੋਂ ਦੂਰ ਰਹਿਣਗੇ।

ਸ਼ਾਹ, ਰਾਜਨਾਥ ਅਤੇ ਤੋਮਰ ਵੱਲੋਂ ਨੱਢਾ ਨਾਲ ਮੀਟਿੰਗ  

ਨਵੀਂ ਦਿੱਲੀ: ਕਿਸਾਨਾਂ ਵੱਲੋਂ ਗੱਲਬਾਤ ਦਾ ਸੱਦਾ ਠੁਕਰਾਏ ਜਾਣ ਅਤੇ ਦਿੱਲੀ ਦੇ ਹੋਰ ਰਸਤੇ ਬੰਦ ਕਰਨ ਦੀ ਚਿਤਾਵਨੀ ਮਗਰੋਂ ਕੇਂਦਰ ਸਰਕਾਰ ਹਰਕਤ ’ਚ ਆ ਗਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਅੱਜ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨਾਲ ਹੰਗਾਮੀ ਮੀਟਿੰਗ ਕੀਤੀ ਗਈ। ਸੂਤਰਾਂ ਮੁਤਾਬਕ ਤਿੰਨੋਂ ਨੇਤਾਵਾਂ ਨੇ ਸ੍ਰੀ ਨੱਢਾ ਦੀ ਰਿਹਾਇਸ਼ ’ਤੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਬਾਰੇ ਵਿਚਾਰ ਚਰਚਾ ਕੀਤੀ। ਖ਼ਬਰ ਲਿਖੇ ਜਾਣ ਤੱਕ ਮੀਟਿੰਗ ਦੇ ਵੇਰਵੇ ਪਤਾ ਨਹੀਂ ਸਨ ਲੱਗ ਸਕੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ਼ਹਿਰ

View All