ਜਗਤਾਰ ਿਸੰਘ ਲਾਂਬਾ
ਅੰਮ੍ਰਿਤਸਰ, 27 ਅਕਤੂਬਰ
ਪੰਜਾਬ ਪੁਲੀਸ ਦੇ ਵਿੰਗ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਪੁਲੀਸ ਨੇ ਖੁਫੀਆ ਅਪਰੇਸ਼ਨ ਤਹਿਤ ਹਰਿਆਣਾ ਵਾਸੀ ਵਿਅਕਤੀ ਨੂੰ ਪਠਾਨਕੋਟ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ ,ਜੋ ਭਾਰਤੀ ਫੌਜ ਦੀਆਂ ਗਤੀਵਿਧੀਆਂ ਬਾਰੇ ਪਾਕਿਸਤਾਨ ਵਿਚ ਜਾਣਕਾਰੀ ਭੇਜ ਰਿਹਾ ਸੀ । ਕੁਝ ਦਿਨ ਪਹਿਲਾਂ ਹੀ ਅਜਿਹੇ ਇਕ ਮਾਮਲੇ ਵਿਚ ਐੱਸਐੱਸਓਸੀ ਵੱਲੋਂ ਫਿਰੋਜ਼ਪੁਰ ਛਾਉਣੀ ਵਿਚ ਤਾਇਨਾਤ ਭਾਰਤੀ ਫੌਜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਠਾਨਕੋਟ ਵਿੱਚੋਂ ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਮਨਦੀਪ ਸਿੰਘ (35) ਵਜੋਂ ਹੋਈ ਹੈ। ਉਹ ਹਰਿਆਣਾ ਦੇ ਬਰਨਾਲਾ ਰੋਡ , ਸਿਰਸਾ ਦਾ ਵਾਸੀ ਹੈ ਪਰ ਇਸ ਵੇਲੇ ਉਹ ਪਠਾਨਕੋਟ ਵਿਚ ਫੌਜੀ ਛਾਉਣੀ ਦੇ ਨੇੜਲੇ ਕਰੱਸ਼ਰ ਵਿੱਚ ਕੰਮ ਕਰਦਾ ਸੀ। ਜਾਸੂਸੀ ਬਦਲੇ ਉਸ ਨੂੰ ਪਾਕਿ ਏਜੰਸੀਆਂ ਵੱਲੋਂ ਪੈਸੇ ਦਿੱਤੇ ਜਾ ਰਹੇ ਸਨ। ਮੁਲਜ਼ਮ ਇੱਕ ਸਾਲ ਪਹਿਲਾਂ ਫੇਸਬੁੱਕ ਰਾਹੀਂ ਪਾਕਿਸਤਾਨ ਦੀ ਮਹਿਲਾ ਖੁਫੀਆ ਅਧਿਕਾਰੀ (ਪੀਆਈਓ) ਨੇਹਾ ਸਿੰਘ ਦੇ ਸੰਪਰਕ ਵਿੱਚ ਆਇਆ ਸੀ। ਉਸ ਨੂੰ ਸੰਪਰਕ ਕਰਨ ਲਈ ਯੂਕੇ ਦਾ ਇਕ ਨੰਬਰ ਅਤੇ ਦੋ ਭਾਰਤੀ ਨੰਬਰ ਦਿੱਤੇ ਹੋਏ ਸਨ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦੇ ਮੋਬਾਈਲ ਵਿੱਚੋਂ ਇਸ ਸਬੰਧੀ ਕਈ ਗੁਪਤ ਦਸਤਾਵੇਜ਼ ਅਤੇ ਤਸਵੀਰਾਂ ਮਿਲੀਆਂ ਹਨ। ਐੱਸਐੱਸਓਸੀ ਵੱਲੋਂ ਅੰਮ੍ਰਿਤਸਰ ਦੇ ਥਾਣੇ ਵਿਚ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪਤਾ ਲੱਗਿਆ ਹੈ ਕਿ ਮੁਲਜ਼ਮ ਖ਼ਿਲਾਫ਼ ਸਿਰਸਾ ਵਿਚ ਵੀ ਦੋ ਅਪਰਾਧਿਕ ਮਾਮਲੇ ਦਰਜ ਹਨ।