ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 11 ਅਗਸਤ
ਟੋਕੀਓ ਓਲੰਪਿਕ ਵਿੱਚੋਂ ਕਾਂਸੀ ਦਾ ਤਗ਼ਮਾ ਜੇਤੂ ਭਾਰਤੀ ਹਾਕੀ ਟੀਮ ਦੇ ਮੈਂਬਰਾਂ ਦੀ ਘਰ ਮੌਕੇ ਅੱਜ ਗੁਰੂ ਕੀ ਨਗਰੀ ਅਤੇ ਉਨ੍ਹਾਂ ਪਿੰਡਾਂ ਵਿੱਚ ਵਿਆਹ ਵਰਗਾ ਮਾਹੌਲ ਰਿਹਾ। ਲੋਕਾਂ ਨੇ ਖਿਡਾਰੀਆਂ ਨੂੰ ‘ਹੀਰੋਜ਼’ ਵਾਂਗ ਜੀ ਆਇਆਂ ਆਖਿਆ। ਇਸ ਨਾਲ ਹਾਕੀ ਖਿਡਾਰੀਆਂ ਨੂੰ ਉਤਸ਼ਾਹ ਮਿਲਿਆ ਹੈ। ਹਵਾਈ ਅੱਡੇ ਤੋਂ ਲੈ ਕੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਅਤੇ ਘਰ ਪੁੱਜਣ ਤਕ ਇਨ੍ਹਾਂ ਸਾਰਿਆਂ ਨਿੱਘਾ ਸਵਾਗਤ ਕੀਤਾ ਗਿਆ।
ਹਵਾਈ ਅੱਡੇ ’ਤੇ ਢੋਲ ਵੱਜੇ ਅਤੇ ਭੰਗੜੇ ਪਾਏ ਗਏ। ਖਿਡਾਰੀਆਂ ਦੇ ਮਾਪੇ, ਰਿਸ਼ਤੇਦਾਰ, ਪ੍ਰਸ਼ਾਸਨਿਕ ਅਧਿਕਾਰੀ, ਵਿਧਾਇਕ ਤੇ ਪਤਵੰਤੇ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ। ਸਮੂਹ ਖਿਡਾਰੀਆਂ ਨੇ ਹਵਾਈ ਅੱਡੇ ’ਤੇ ਹੀ ਦਸਤਾਰਾਂ ਸਜਾਈਆਂ ਅਤੇ ਵਰਦੀ ਪਹਿਨੀ। ਅੱਜ ਖਿਡਾਰੀ ਵਰੁਣ ਕੁਮਾਰ ਅਤੇ ਕ੍ਰਿਸ਼ਨ ਬਹਾਦਰ ਪਾਠਕ ਨੇ ਵੀ ਖਾਸ ਤੌਰ ’ਤੇ ਦਸਤਾਰਾਂ ਸਜਾਈਆਂ ਹੋੋਈਆਂ ਸਨ।
ਹਾਕੀ ਖਿਡਾਰੀਆਂ ਵਿੱਚ ਕਪਤਾਨ ਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਵਰੁਣ ਕੁਮਾਰ, ਦਿਲਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਗੁਰਜੰਟ ਸਿੰਘ, ਹਾਰਦਿਕ ਸਿੰਘ, ਸ਼ਮਸ਼ੇਰ ਸਿੰਘ, ਕ੍ਰਿਸ਼ਨਾ ਬਹਾਦੁਰ ਪਾਠਕ ਅਤੇ ਮਹਿਲਾ ਹਾਕੀ ਟੀਮ ਦੀ ਖਿਡਾਰਨ ਗੁਰਜੀਤ ਕੌਰ ਸ਼ਾਮਲ ਸੀ। ਪੰਜਾਬੀਆਂ ਵੱਲੋਂ ਦਿੱਤੇ ਇਸ ਰਵਾਇਤੀ ਸਵਾਗਤ ਤੋਂ ਇਹ ਖਿਡਾਰੀ ਵੀ ਖੁਸ਼ ਸਨ। ਉਨ੍ਹਾਂ ਆਖਿਆ ਕਿ ਜਿੱਤ ਅਤੇ ਅੱਜ ਦੇ ਸਵਾਗਤ ਤੋਂ ਉਹ ਖੁਸ਼ ਹਨ। ਹਵਾਈ ਅੱਡੇ ਤੋਂ ਉਨ੍ਹਾਂ ਨੂੰ ਫੁੱਲਾਂ ਨਾਲ ਸਜਾਈ ਗਈ ਸ਼੍ਰੋਮਣੀ ਕਮੇਟੀ ਦੀ ਵਾਲਵੋ ਬੱਸ ਵਿਚ ਸ੍ਰੀ ਸ੍ਰੀ ਸਾਹਿਬ ਤਕ ਲਿਆਉਂਦਾ ਗਿਆ, ਜਿਸ ਦੀ ਅਗਵਾਈ ਪੰਜਾਬ ਪੁਲੀਸ ਦੀ ਇਕ ਟੀਮ ਕਰ ਰਹੀ ਸੀ। ਹਾਰਲੇ ਡੇਵੀਡਸਨ ਬ੍ਰਦਰਹੁੱਡ ਕਲੱਬ ਦੇ ਮੈਂਬਰਾਂ ਨੇ ਆਪਣੇ ਮੋਟਰਸਾਈਕਲਾਂ ’ਤੇ ਖਿਡਾਰੀਆਂ ਦੀ ਬਸ ਦੀ ਅਗਵਾਈ ਕੀਤੀ। 12 ਮੈਂਬਰੀ ਮੋਟਰਸਾਈਕਲ ਸਵਾਰਾਂ ਦੀ ਟੀਮ ਦੇ ਆਗੂ ਪ੍ਰਬਲ ਸਿੰਘ ਭੁੱਲਰ ਨੇ ਦੱਸਿਆ ਕਿ ਵਧੇਰੇ ਕਰਕੇ ਉਹ ਹਰ ਹਫਤੇ ਲੰਮੀ ਸੈਰ ’ਤੇ ਜਾਂਦੇ ਹਨ ਪਰ ਇਸ ਵਾਰ ਹਾਕੀ ਖਿਡਾਰੀਆਂ ਦਾ ਸਨਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ 41 ਸਾਲ ਬਾਦ ਦੇਸ਼ ਨੂੰ ਇਹ ਮਾਣ ਮਿਲਿਆ ਹੈ। ਇਸ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਸ਼੍ਰੋਮਣੀ ਕਮੇਟੀ ਦੀ ਹਾਕੀ ਅਕੈਡਮੀ ਦੇ ਉਭਰਦੇ ਖਿਡਾਰੀ ਇਨ੍ਹਾਂ ਦਾ ਸਵਾਗਤ ਕਰਨ ਲਈ ਇਕ ਕਤਾਰ ਵਿੱਚ ਖੜ੍ਹੇ ਸਨ। ਇਸੇ ਤਰ੍ਹਾਂ ਆਮ ਲੋਕ ਵੀ ਖਿਡਾਰੀਆਂ ਨੂੰ ਦੇਖਣ ਲਈ ਉਤਸੁਕ ਸਨ ਅਤੇ ਚਲ ਰਹੇ ਸਮਾਗਮ ਵਿੱਚ ਵੀ ਪੁੱਜ ਗਏ। ਪ੍ਰਸ਼ੰਸਕਾਂ ਨੇ ਆਖਿਆ ਕਿ 41 ਸਾਲ ਬਾਦ ਦੇਸ਼ ਅਤੇ ਪੰਜਾਬ ਨੂੰ ਮਾਣ ਮਿਲਿਆ ਹੈ।
ਇਸੇ ਤਰ੍ਹਾਂ ਖਿਡਾਰੀਆਂ ਦੇ ਪਿੰਡਾਂ, ਕਸਬਿਆਂ ਤੇ ਘਰਾਂ ਵਿਚ ਵੀ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਘਰ ਪੁੱਜਣ ’ਤੇ ਇਨ੍ਹਾਂਂ ਤੋਂ ਪਾਣੀ ਵਾਰ੍ਹਿਆ ਗਿਆ।
ਮੇਅਰ ਵੱਲੋਂ ਨਿੱਘਾ ਸਵਾਗਤ
ਅੰਮ੍ਰਿਤਸਰ (ਜਸਬੀਰ ਸਿੰਘ ਸੱਗੂ): ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਣ ਵਾਲੀ ਹਾਕੀ ਟੀਮ ਦੇ ਖਿਡਾਰੀਆਂ ਦਾ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਪੁੱਜਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨਾਲ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਨੀਲ ਦੱਤੀ ਅਤੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਮੌਜੂਦ ਸਨ।