ਤਰਨ ਤਾਰਨ (ਪੱਤਰ ਪ੍ਰੇਰਕ): ਪਿੰਡ ਭੈਣੀ ਮੱਟੂਆਂ ਦੇ ਨੌਜਵਾਨ ਦੀ ਬੀਤੀ ਸ਼ਾਮ ਪਿੰਡ ਦੇ ਵਾਸੀ ਵੱਲੋਂ ਸਿਰ ਵਿੱਚ ਇੱਟ ਮਾਰ ਕੇ ਹੱਤਿਆ ਕਰ ਦਿੱਤੀ| ਡੀਐੱਸਪੀ ਗੋਇੰਦਵਾਲ ਸਾਹਿਬ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲਵਪ੍ਰੀਤ ਸਿੰਘ (22) ਵਜੋਂ ਅਤੇ ਹਮਲਾਵਰ ਦੀ ਪਛਾਣ ਗੁਰਜੰਟ ਸਿੰਘ ਵਜੋਂ ਹੋਈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਮ੍ਰਿਤਕ ’ਤੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧ ਹੋਣ ਦਾ ਸ਼ੱਕ ਕਰਦਾ ਸੀ| ਉਹ ਬੀਤੀ ਸ਼ਾਮ ਲਵਪ੍ਰੀਤ ਸਿੰਘ ਦੇ ਘਰ ਗਿਆ ਅਤੇ ਮੁਲਜ਼ਮ ਨੇ ਉਸ ਦੇ ਸਿਰ ’ਤੇ ਇੱਟ ਮਾਰੀ। ਉਸ ਨੇ ਇੱਟ ਨਾਲ ਲਵਪ੍ਰੀਤ ’ਤੇ ਕਈ ਵਾਰ ਕੀਤੇ। ਮਗਰੋਂ ਉਹ ਇੱਟ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਲਵਪ੍ਰੀਤ ਦੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।