ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 3 ਜੁਲਾਈ
ਅੱਜ ਚੀਫ਼ ਖ਼ਾਲਸਾ ਦੀਵਾਨ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਸੰਸਥਾ ਦੇ ਮੀਤ ਪ੍ਰਧਾਨ ਅਤੇ ਸਥਾਨਕ ਪ੍ਰਧਾਨ ਦੇ ਖਾਲੀ ਹੋਏ ਅਹੁਦਿਆਂ ਲਈ ਨਿਯੁਕਤੀ ਕਰਨ ਦੇ ਅਧਿਕਾਰ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸੌਂਪ ਦਿੱਤੇ ਗਏ ਹਨ। ਦੀਵਾਨ ਦੇ ਜਨਰਲ ਹਾਊਸ ਦੀ ਇਹ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੋਈ। ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੇ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ ਅਤੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਨੇ ਮੀਟਿੰਗ ਦਾ ਏਜੰਡਾ ਪੜ੍ਹਿਆ। ਡਾ. ਨਿੱਝਰ ਦੇ ਪ੍ਰਧਾਨ ਬਣ ਜਾਣ ਕਰਕੇ ਖਾਲੀ ਹੋਏ ਮੀਤ ਪ੍ਰਧਾਨ ਦੇ ਅਹੁਦੇ ਅਤੇ ਹਰਮਿੰਦਰ ਸਿੰਘ ਦੇ ਅਕਾਲ ਚਲਾਣਾ ਕਰ ਜਾਣ ’ਤੇ ਸਥਾਨਕ ਪ੍ਰਧਾਨ ਦੇ ਖਾਲੀ ਅਹੁਦੇ ਉੱਤੇ ਨਿਯੁਕਤੀ ਕਰਨ ਦੇ ਹੱਕ ਜਨਰਲ ਹਾਊਸ ਵੱਲੋਂ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਸੌਂਪ ਦਿੱਤੇ ਗਏ ਹਨ। ਇਸ ਤੋਂ ਪਹਿਲਾਂ 28 ਮਈ ਨੂੰ ਹੋਈ ਦੀਵਾਨ ਦੀ ਕਾਰਜਸਾਧਕ ਕਮੇਟੀ ਦੀ ਮੀਟਿੰਗ ਵਿੱਚ ਸੰਵਿਧਾਨ ਅਨੁਸਾਰ ਮੀਤ ਪ੍ਰਧਾਨ ਅਤੇ ਸਥਾਨਕ ਪ੍ਰਧਾਨ ਦੇ ਅਹੁਦੇ ਲਈ ਚੋਣ ਦੇ ਅਧਿਕਾਰ ਉਨ੍ਹਾਂ ਨੂੰ ਦਿੱਤੇ ਜਾ ਚੁੱਕੇ ਹਨ।
ਮੀਟਿੰਗ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਬੰਧ ਹੇਠ ਚੱਲ ਰਹੇ ਐੱਸਜੀਐੱਸ ਸੀਨੀਅਰ ਸੈਕੰਡਰੀ, ਖਾਲਸਾ ਸਕੂਲ ਦੀ ਪੁਰਾਤਨ ਵਿਰਾਸਤੀ ਦਿੱਖ ਦੀ ਸਾਂਭ-ਸੰਭਾਲ ਅਤੇ ਹੋਰਨਾਂ ਸੀਕੇਡੀ ਸਕੂਲਾਂ ਨੂੰ ਅਪਗ੍ਰੇਡ ਕਰਨ ਹਿੱਤ ਹੋਣ ਵਾਲੇ ਖਰਚਿਆਂ ਬਾਬਤ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਅਤੇ ਚੀਫ ਖ਼ਾਲਸਾ ਦੀਵਾਨ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਘੱਟ ਗਿਣਤੀਆਂ ਵਿੱਚ ਸ਼ਾਮਲ ਸਿੱਖ ਭਾਈਚਾਰੇ ਲਈ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਸਰਕਾਰੀ ਭਲਾਈ ਸਕੀਮਾਂ ਅਤੇ ਵਜ਼ੀਫ਼ਾ ਯੋਜਨਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ।