ਬੀਰਬਲ ਰਿਸ਼ੀ
ਸ਼ੇਰਪੁਰ, 1 ਅਕਤੂਬਰ
ਪਿੰਡ ਘਨੌਰ ਕਲਾਂ ਵਿਚ ਤਿੰਨ ਦਿਨਾਂ ਤੋਂ ਪਿੰਡ ਦੀ ਵਾਟਰ ਵਰਕਸ ’ਤੇ ਚੜ੍ਹੀ ਬਿਰਧ ਔਰਤ ਸੁਰਿੰਦਰ ਕੌਰ (70) ਨੂੰ ਬਾਅਦ ਦੁਪਹਿਰ ਪੁੱਜੇ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਸਾਰੀਆਂ ਜਾਇਜ਼ ਮੰਗਾਂ ਮੰਨ ਕੇ ਟੈਂਕੀ ਤੋਂ ਹੇਠਾਂ ਉਤਾਰ ਲਿਆ। ਇਸ ਘਟਨਾਕ੍ਰਮ ਮਗਰੋਂ ਜਿੱਥੇ ਪੰਚਾਇਤ ਵਿਭਾਗ, ਪੁਲੀਸ ਤੇ ਪ੍ਰਸ਼ਾਸਨ ਨੇ ਸੁੱਖ ਦਾ ਸ਼ਾਹ ਲਿਆ ਉੱਥੇ ਹੀ ਵਿਧਾਇਕ ਨੇ ਇੱਕੋ ਝਟਕੇ ਵਿਚ ਆਪਣੇ ਸਿਆਸੀ ਸ਼ਰੀਕਾਂ ਹੱਥੋਂ ਵੱਡਾ ਮੁੱਦਾ ਖੋਹ ਲਿਆ। ਯਾਦ ਰਹੇ ਕਿ ਮਾਤਾ ਸੁਰਿੰਦਰ ਕੌਰ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਕੋਲ ਗੁਹਾਰ ਲਗਾਈ ਸੀ ਕਿ ਉਸ ਦੇ ਘਰ ਦੇ ਨਾਲ ਤਕਰੀਬਨ 40 ਫੁੱਟ ਡੂੰਘੇ ਪੁੱਟੇ ਟੋਭੇ ਦਾ ਪੱਕਾ ਹੱਲ ਕੀਤਾ ਜਾਵੇ ਤੇ ਤਰੇੜਾਂ ਫਟਣ ਮਗਰੋਂ ਧੰਮੀਆਂ ਸਹਾਰੇ ਡਿੱਗਣ ਦੀ ਕਗਾਰ ’ਤੇ ਖੜ੍ਹੇ ਉਸ ਦੇ ਘਰ ਦਾ ਨਵ-ਨਿਰਮਾਣ ਕੀਤਾ ਜਾਵੇ। ਉਂਜ ਪਿਛਲੇ ਤਿੰਨ ਦਿਨਾਂ ਤੋਂ ਪ੍ਰਸ਼ਾਸਨਿਕ ਅਧਿਕਾਰੀ ਤਰਲਿਆਂ ਦੇ ਬਾਵਜੂਦ ਬਿਰਧ ਮਾਤਾ ਨੂੰ ਟੈਂਕੀ ਤੋਂ ਹੇਠਾਂ ਉਤਾਰਨ ਵਿੱਚ ਅਸਫ਼ਲ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਅੱਜ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਆਪਣੀ ਟੀਮ ਸਮੇਤ ਸ਼ਾਮ 4 ਵਜੇ ਸਿੱਧਾ ਪਿੰਡ ਘਨੌਰ ਕਲਾਂ ਦੀ ਵਾਟਰ ਵਰਕਸ ’ਤੇ ਪੁੱਜੇ ਜਿੱਥੇ ਉਨ੍ਹਾਂ ਖੁਦ ਟੈਂਕੀ ’ਤੇ ਜਾ ਕੇ ਮਾਤਾ ਸੁਰਿੰਦਰ ਕੌਰ ਦਾ ਦੁੱਖ ਸੁਣਿਆ। ਪ੍ਰਤੱਖਦਰਸੀਆਂ ਅਨੁਸਾਰ ਵਿਧਾਇਕ ਖੰਗੂੜਾ ਨੇ ਬਿਨਾ ਸ਼ਰਤ ਉਸ ਦੇ ਸਾਰੇ ਮਸਲੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ’ਤੇ ਸੁਰਿੰਦਰ ਕੌਰ ਵਿਧਾਇਕ ਦੇ ਗਲ ਲੱਗ ਕੇ ਉੱਚੀ-ਉੱਚੀ ਰੋਣ ਲੱਗ ਪਈ। ਵਿਧਾਇਕ ਖੰਗੂੜਾ ਨੇ ਦੱਸਿਆ ਕਿ ਉਨ੍ਹਾਂ ਮਾਲ ਵਿਭਾਗ ਨੂੰ ਸੁਰਿੰਦਰ ਕੌਰ, ਮਜ਼ੀਦ ਖਾਂ, ਸ਼ੌਕਤ ਅਲੀ ਸਣੇ ਪੰਜ ਘਰਾਂ ਦੇ ਨੁਕਸਾਨ ਸਬੰਧੀ ਨਿਰਪੱਖ ਰਿਪੋਰਟ ਤਿਆਰ ਕਰ ਕੇ 3 ਅਕਤੂਬਰ ਨੂੰ ਸਵੇਰੇ ਰੱਖੀ ਮੀਟਿੰਗ ਵਿੱਚ ਪੇਸ਼ ਕਰਨ ਦੀ ਹਦਾਇਤ ਕੀਤੀ ਹੈ।