ਚਰਨਜੀਤ ਭੁੱਲਰ
ਸੰਗਰੂਰ, 18 ਫਰਵਰੀ
ਮਾਲਵਾ ਖਿੱਤੇ ਦੇ ਕਰੀਬ 20 ਅਸੈਂਬਲੀ ਹਲਕਿਆਂ ਵਿੱਚ ਚੋਣ ਮੁਕਾਬਲੇ ਐਨੇ ਫਸਵੇਂ ਹਨ ਕਿ ਕੁਝ ਵੀ ਸੰਭਵ ਹੈ| ਅੱਜ ਪੰਜਾਬ ਚੋਣਾਂ ਲਈ ਪ੍ਰਚਾਰ ਬੰਦ ਹੋ ਗਿਆ ਹੈ ਪਰ ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ| ਮਾਲਵਾ ਖ਼ਿੱਤਾ ਹਮੇਸ਼ਾ ਨਵੀਂ ਸਰਕਾਰ ਲਈ ਰਾਹ ਪੱਧਰਾ ਕਰਦਾ ਹੈ ਕਿਉਂਕਿ ਇਸ ਖੇਤਰ ਵਿਚ ਸਭ ਤੋਂ ਵੱਧ 69 ਵਿਧਾਨ ਸਭਾ ਹਲਕੇ ਪੈਂਦੇ ਹਨ| ਮਾਲਵੇ ’ਚ ਬਦਲਾਅ ਦੀ ਗੂੰਜ ਪੈ ਰਹੀ ਹੈ, ਜਿਸ ਨੂੰ ਰੋਕਣ ਲਈ ਰਵਾਇਤੀ ਸਿਆਸੀ ਧਿਰਾਂ ਨੇ ਸਭ ਤਾਕਤ ਝੋਕ ਦਿੱਤੀ ਹੈ|
ਕੇਂਦਰੀ ਮਾਲਵਾ ਪੁਰਾਣੀਆਂ ਧਿਰਾਂ ਦੇ ਹੱਥੋਂ ਖਿਸਕ ਸਕਦਾ ਹੈ ਪਰ ਆਖਰੀ ਦੋ ਦਿਨਾਂ ਵਿੱਚ ਬਹੁਤ ਫੇਰਬਦਲ ਹੋਣ ਦੇ ਚਰਚੇ ਹਨ| ਸਿਆਸੀ ਮੁਲਾਂਕਣ ਅਨੁਸਾਰ ਮਾਲਵੇ ਦੇ 69 ਹਲਕਿਆਂ ’ਚੋਂ ਦੋ ਦਰਜਨ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਨੇ ਤਿਕੋਣੀ ਟੱਕਰ ਵਿੱਚ ਆਉਣ ’ਚ ਪੂਰੀ ਵਾਹ ਲਾਈ ਹੋਈ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੇ 25 ਹਲਕਿਆਂ ਵਿਚ ਤਿਕੋਣੇ ਮੁਕਾਬਲੇ ਵਿੱਚ ਥਾਂ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ| ਇਸੇ ਤਰ੍ਹਾਂ ਆਮ ਆਦਮੀ ਪਾਰਟੀ 9 ਹਲਕਿਆਂ ਵਿਚ ਤਿਕੋਣੇ ਮੁਕਾਬਲੇ ਦੀ ਹਿੱਸੇਦਾਰ ਬਣਨ ਲਈ ਯਤਨਸ਼ੀਲ ਹੈ|
ਪ੍ਰਾਪਤ ਵੇਰਵਿਆਂ ਅਨੁਸਾਰ ਮਾਲਵੇ ਵਿਚ ਹੁਣ ਤੱਕ ਜੋ ਸਿਆਸੀ ਤਸਵੀਰ ਉਭਰੀ ਹੈ, ਉਸ ਅਨੁਸਾਰ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੋੜ 44 ਹਲਕਿਆਂ ਵਿਚ ਆਹਮੋ-ਸਾਹਮਣੇ ਮੁਕਾਬਲੇ ਵਿਚ ਜਾਪਦੇ ਹਨ, ਜਦਕਿ ਕਾਂਗਰਸ ਪਾਰਟੀ ਦੇ 45 ਉਮੀਦਵਾਰ ਸਿੱਧੇ ਮੁਕਾਬਲੇ ਵਿਚ ਜਾਪਦੇ ਹਨ| ਬਹੁਤੀਆਂ ਸੀਟਾਂ ’ਤੇ ਸਥਿਤੀ ਸਪੱਸ਼ਟ ਹੋਣ ਲੱਗੀ ਹੈ, ਜਦਕਿ ਬਹੁਤੇ ਹਲਕਿਆਂ ’ਤੇ ਜਿੱਤ-ਹਾਰ ਦਾ ਫਰਕ ਬਹੁਤ ਥੋੜਾ ਰਹਿਣ ਦੀ ਸੰਭਾਵਨਾ ਹੈ| ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਸੀਟ ’ਤੇ ‘ਆਪ’ ਅਤੇ ਕਾਂਗਰਸ ਵਿੱਚ ਫਸਵੀਂ ਟੱਕਰ ਹੈ ਪਰ ਭਾਜਪਾ ਨੇ ਤਸਵੀਰ ਨੂੰ ਹੋਰ ਧੁੰਦਲਾ ਕਰ ਦਿੱਤਾ ਹੈ| ਲਹਿਰਾਗਾਗਾ ਤੋਂ ਸੰਯੁਕਤ ਅਕਾਲੀ ਦਲ ਦੇ ਉਮੀਦਵਾਰ ਤਿਕੋਣੀ ਟੱਕਰ ਵਿਚ ਹਨ| ਹਲਕਾ ਲੰਬੀ ਵਿਚ ਐਤਕੀਂ ਕੀ ਚੋਣ ਨਤੀਜਾ ਹੋਵੇਗਾ, ਇਸ ਨੂੰ ਲੈ ਕੇ ਸ਼ਰਤਾਂ ਲੱਗਣ ਲੱਗੀਆਂ ਹਨ| ਬਦਲਾਅ ਦੀ ਹਵਾ ਨੇ ਗਣਿਤ ਬਦਲੇ ਹਨ ਅਤੇ ਨਤੀਜਾ ਐਲਾਨੇ ਜਾਣ ਤੱਕ ਭੰਬਲਭੂਸਾ ਬਣੇ ਰਹਿਣ ਦੀ ਸੰਭਾਵਨਾ ਹੈ| ਗਿੱਦੜਬਾਹਾ ਵਿਚ ਰਾਜਾ ਵੜਿੰਗ ਤੇ ਡਿੰਪੀ ਢਿੱਲੋਂ ਵਿਚ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਹੈ| ਹਲਕਾ ਫ਼ਰੀਦਕੋਟ ਦੀ ਵੀ ਕੋਈ ਸਥਿਤੀ ਸਪੱਸ਼ਟ ਨਹੀਂ ਜਾਪਦੀ ਹੈ| ਫਿਰੋਜ਼ਪੁਰ ਦੀ ਸ਼ਹਿਰੀ ਸੀਟ ਬਾਰੇ ਵੀ ਕੋਈ ਦਾਅਵਾ ਨਹੀਂ ਕਰ ਸਕਦਾ, ਜਿੱਥੇ ਭਾਜਪਾ ਉਮੀਦਵਾਰ ਰਾਣਾ ਸੋਢੀ ਨੂੰ ਪਿਛਲੇ ਦਿਨਾਂ ਵਿਚ ਉਭਾਰ ਮਿਲਿਆ ਹੈ|
ਹਲਕਾ ਮੌੜ ਵਿੱਚ ਕੋਈ ਵੀ ਚੋੋਣ ਨਤੀਜਾ ਸਾਹਮਣੇ ਆ ਸਕਦਾ ਹੈ| ਇੱਥੇ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਨੇ ਰਵਾਇਤੀ ਰੁਝਾਨ ਬਦਲ ਰੱਖੇ ਹਨ| ਇਸੇ ਤਰ੍ਹਾਂ ਪਟਿਆਲਾ ਦਿਹਾਤੀ ਦੀ ਸੀਟ ਨੂੰ ਲੈ ਕੇ ਕੋਈ ਪੱਕਾ ਅਨੁਮਾਨ ਲਾਉਣਾ ਮੁਸ਼ਕਲ ਹੈ| ਸਮਰਾਲਾ ਸੀਟ, ਖਰੜ, ਦਾਖਾ ਅਤੇ ਰੋਪੜ ਸੀਟ ਨੂੰ ਲੈ ਕੇ ਵੀ ਕੋਈ ਪੱਕੇ ਦਾਅਵੇ ਕਰਨ ਦੀ ਪਹੁੰਚ ਵਿਚ ਨਹੀਂ ਹੈ| ਬਠਿੰਡਾ ਸ਼ਹਿਰੀ ਸੀਟ ਤੋਂ ਮੁਕਾਬਲਾ ਦਿਲਚਸਪ ਬਣਿਆ ਹੋਇਆ ਹੈ ਅਤੇ ਇਸ ਸੀਟ ’ਤੇ ਸਮੁੱਚੇ ਪੰਜਾਬ ਦੀ ਨਜ਼ਰ ਲੱਗੀ ਹੋਈ ਹੈ| ਇਸ ਸੀਟ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਉਮੀਦਵਾਰ ਹਨ| ਉਨ੍ਹਾਂ ਦੇ ਮੁਕਾਬਲੇ ਵਿਚ ‘ਆਪ’ ਦੇ ਜਗਰੂਪ ਸਿੰਘ ਗਿੱਲ ਅਤੇ ਅਕਾਲੀ ਦਲ ਦੇ ਉਮੀਦਵਾਰ ਸਰੂਪ ਸਿੰਗਲਾ ਹਨ|
ਨੌਜਵਾਨ ਵਰਗ ਅਤੇ ਔਰਤਾਂ ਵੱਲੋਂ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ, ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਹਵਾ ਦਾ ਗੁਬਾਰਾ ਦੱਸਿਆ ਜਾ ਰਿਹਾ ਹੈ| ਇਨ੍ਹਾਂ ਚੋਣਾਂ ਵਿਚ ਐਤਕੀਂ ਵੱਡੇ ਸਿਆਸੀ ਧਨੰਤਰਾਂ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ| ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਉੱਤਰੇ ਹੋਏ ਹਨ| ਲੰਘੇ ਕੱਲ੍ਹ ਹਲਕਾ ਲੰਬੀ ਵਿਚ ਅਕਾਲੀ ਦਲ ਨੇ ਵੱਡੀ ਰੈਲੀ ਕੀਤੀ ਹੈ, ਜਦਕਿ ਪਹਿਲਾਂ ਕਦੇ ਅਕਾਲੀ ਦਲ ਨੂੰ ਬਹੁਤੇ ਮੌਕਿਆਂ ’ਤੇ ਹਲਕਾ ਲੰਬੀ ਵਿਚ ਕੋਈ ਰੈਲੀ ਕਰਨ ਦੀ ਲੋੜ ਨਹੀਂ ਪਈ ਹੈ|
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਕੀਂ ਆਪਣੇ ਹਲਕਾ ਪਟਿਆਲਾ ਵਿਚ ਫਸੇ ਹੋਏ ਹਨ, ਜਦੋਂਕਿ ਪਹਿਲਾਂ ਉਨ੍ਹਾਂ ਨੂੰ ਕਦੇ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਦੀ ਬਹੁਤੀ ਲੋੜ ਨਹੀਂ ਪਈ|
ਅੱਜ ਉਨ੍ਹਾਂ ਸ਼ਹਿਰ ਵਿਚ ਰੋਡ ਸ਼ੋਅ ਵੀ ਕੀਤਾ ਹੈ| ‘ਆਪ’ ਦੇ ਕਨਵੀਨਰ ਭਗਵੰਤ ਮਾਨ ਨੂੰ ਵੀ ਆਪਣੇ ਹਲਕੇ ਧੂਰੀ ਵਿਚ ਕੁਝ ਦਿਨ ਚੋਣ ਪ੍ਰਚਾਰ ਲਈ ਦੇਣੇ ਪਏ ਹਨ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਹਲਕਾ ਭਦੌੜ ਤੋਂ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਦਾ ਪੇਚ ਫਸਿਆ ਹੋਇਆ ਹੈ| ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਵਕਾਰ ਵੀ ਐਤਕੀਂ ਦਾਅ ’ਤੇ ਹੈ|
ਚੋਣ ਪ੍ਰਚਾਰ ’ਚੋਂ ਗੈਰਹਾਜ਼ਰ ਰਹੇ ਵੱਡੇ ਬਾਦਲ
ਇਸ ਵਾਰ ਪਹਿਲੀ ਦਫਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ’ਚੋਂ ਗੈਰਹਾਜ਼ਰ ਰਹੇ ਹਨ| ਉਹ ਆਪਣੇ ਹਲਕਾ ਲੰਬੀ ਵਿਚ ਦੇ ਪਿੰਡਾਂ ਵਿਚ ਤਾਂ ਪ੍ਰਚਾਰ ਲਈ ਗਏ ਪਰ ਉਨ੍ਹਾਂ ਦੂਸਰੇ ਹਲਕਿਆਂ ਵਿਚ ਐਤਕੀਂ ਪੈਰ ਨਹੀਂ ਪਾਇਆ| ਵੱਡੀ ਉਮਰ ਹੋਣ ਕਰਕੇ ਸਿਹਤ ਨੂੰ ਲੈ ਕੇ ਵੱਡੇ ਬਾਦਲ ਖੁਦ ਵੀ ਚੋੋਣ ਪ੍ਰਚਾਰ ਤੋਂ ਲਾਂਭੇ ਰਹੇ ਹਨ| ਭਾਵੇਂ ਹਲਕਾ ਲੰਬੀ ਵਿਚ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੋਸਟਰ ਲੱਗੇ ਹਨ ਪਰ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦੀ ਹੀ ਹਰ ਪਾਸੇ ਵੱਡੀ ਤਸਵੀਰ ਫਲੈਕਸਾਂ ਅਤੇ ਪੋਸਟਰਾਂ ’ਤੇ ਨਜ਼ਰ ਪੈਂਦੀ ਹੈ|