ਦਰਸ਼ਨ ਸਿੰਘ ਸੋਢੀ
ਮੁਹਾਲੀ, 27 ਸਤੰਬਰ
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਪੰਜਾਬ ਕੈਬਨਿਟ ’ਚੋਂ ਬਾਹਰ ਹੋਣ ਮਗਰੋਂ ਅੱਜ ਇੱਥੋਂ ਦੇ ਫੇਜ਼-6 ਸਥਿਤ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀਐਚਐਸਸੀ) ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਹ ਕੈਪਟਨ ਅਤੇ ਸਿੱਧੂ ਦੇ ਚਹੇਤੇ ਅਫ਼ਸਰਾਂ ਵਿੱਚ ਗਿਣੇ ਜਾਂਦੇ ਸੀ। ਮਨਜੀਤ ਸਿੰਘ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਭੇਜੇ ਅਸਤੀਫ਼ੇ ਵਿੱਚ ਕਿਹਾ ਹੈ ਕਿ ਉਹ ਨਿੱਜੀ ਕਾਰਨਾਂ ਕਰਕੇ ਆਪਣਾ ਤਿਆਗ ਪੱਤਰ ਦੇ ਰਹੇ ਹਨ। ਮੁਹਾਲੀ ਦੇ ਸਿਵਲ ਸਰਜਨ ਦੇ ਅਹੁਦੇ ਤੋਂ ਸੇਵਾਮੁਕਤ ਹੋਣ ਮਗਰੋਂ ਤਤਕਾਲੀ ਸਿਹਤ ਮੰਤਰੀ ਦੀ ਸਿਫ਼ਾਰਸ਼ ’ਤੇ ਡਾ. ਮਨਜੀਤ ਸਿੰਘ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦਾ ਡਾਇਰੈਕਟਰ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੇ 11 ਜਨਵਰੀ 2021 ਨੂੰ ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ। ਅੱਖ ਰੋਗਾਂ ਦੇ ਮਾਹਰ ਡਾ. ਮਨਜੀਤ ਸਿੰਘ ਨੇ ਸਾਢੇ 36 ਸਾਲ ਦੇ ਕਾਰਜਕਾਲ ਦੌਰਾਨ ਇਮਾਨਦਾਰੀ ਅਤੇ ਬੇਦਾਗ ਸੇਵਾਵਾਂ ਨਿਭਾਈਆਂ ਹਨ। ਕਾਰਪੋਰੇਸ਼ਨ ਡਾਇਰੈਕਟਰ ਵਜੋਂ ਹੋਰਨਾਂ ਪ੍ਰਾਪਤੀਆਂ ਤੋਂ ਇਲਾਵਾ ਉਨ੍ਹਾਂ ਨੇ ਇਕ ਤਾਜ਼ਾ ਮਾਮਲੇ ਵਿੱਚ ਪਾਰਦਰਸ਼ਤਾ ਢੰਗ ਨਾਲ ਜਾਂਚ ਕਰਕੇ ਆਪਣੀ ਰਿਪੋਰਟ ਵਿੱਚ ਦੋ ਅਧਿਕਾਰੀਆਂ ਨੂੰ 75 ਲੱਖ ਰੁਪਏ ਦੇ ਗਬਨ ਦਾ ਦੋਸ਼ੀ ਕਰਾਰ ਦਿੱਤਾ ਸੀ। ਨੈਸ਼ਨਲ ਹੈਲਥ ਮਿਸ਼ਨ ਤਹਿਤ ਕੰਮ ਕਰ ਰਹੇ ਇਨ੍ਹਾਂ ਅਧਿਕਾਰੀਆਂ ਨੇ ਕੋਵਿਡ ਮਹਾਮਾਰੀ ਦੌਰਾਨ ਉਕਤ ਰਾਸ਼ੀ ਆਪਣੇ ਖਾਤਿਆਂ ਵਿੱਚ ਤਬਦੀਲ ਕਰ ਲਈ ਸੀ।