ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਅਗਸਤ
ਪ੍ਰਸਿੱਧ ਖੇਤੀਬਾੜੀ ਬਾਇਓ-ਟੈਕਨਾਲੋਜਿਸਟ ਡਾ. ਸਤਬੀਰ ਸਿੰਘ ਗੋਸਲ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾ. ਗੋਸਲ ਪੀਏਯੂ ਦੇ 12ਵੇਂ ਰੈਗੂਲਰ ਵਾਈਸ-ਚਾਂਸਲਰ ਹਨ। ਡਾ. ਗੋਸਲ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀਐੱਸਸੀ, ਪੀਏਯੂ ਤੋਂ ਪਲਾਂਟ ਬਰੀਡਿੰਗ ਵਿੱਚ ਐੱਮਐੱਸਸੀ ਕੀਤੀ ਹੈ ਅਤੇ ਉਨ੍ਹਾਂ ਪੀਐੱਚਡੀ ਨੌਟਿੰਘਮ ਯੂਨੀਵਰਸਿਟੀ ਤੋਂ ਕੀਤੀ। ਡਾ. ਗੋਸਲ ਹੁਣ ਤੱਕ ਪੀਏਯੂ ਵਿੱਚ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਡਾ. ਗੋਸਲ ਦੇ ਅਹੁਦਾ ਸੰਭਾਲਣ ਮੌਕੇ ਡਾ. ਜੀਐੱਸ ਖੁਸ਼, ਡਾ. ਸਰਦਾਰਾ ਸਿੰਘ ਜੌਹਲ, ਪੀਏਯੂ ਦੇ ਸਾਬਕਾ ਉੱਪ ਕੁਲਪਤੀ ਡਾ. ਕੇਐੱਸ ਔਲਖ, ਡਾ. ਐੱਮਐੱਸ ਕੰਗ, ਡਾ. ਬੀਐੱਸ ਢਿੱਲੋਂ ਸਮੇਤ ਉਨ੍ਹਾਂ ਦੇ ਦੋਸਤ, ਰਿਸ਼ਤੇਦਾਰ, ਪੀਏਯੂ ਦੇ ਉੱਚ ਅਧਿਕਾਰੀ, ਡੀਨ, ਡਾਇਰੈਕਟਰ ਹਾਜ਼ਰ ਸਨ।