ਚਰਨਜੀਤ ਭੁੱਲਰ
ਚੰਡੀਗੜ੍ਹ, 24 ਫਰਵਰੀ
ਰੂਸ ਅਤੇ ਯੂਕਰੇਨ ਦਰਮਿਆਨ ਛਿੜੀ ਜੰਗ ਕਰਕੇ ਵਿਗੜੇ ਹਾਲਾਤ ’ਚ ਉੱਤਰੀ ਭਾਰਤ ਦੇ ਹਜ਼ਾਰਾਂ ਵਿਅਕਤੀ ਉਥੇ ਫਸ ਗਏ ਹਨ, ਜਿਨ੍ਹਾਂ ’ਚ ਵੱਡੀ ਗਿਣਤੀ ਪੰਜਾਬੀਆਂ ਦੀ ਵੀ ਹੈ। ਪੰਜਾਬ ਤੋਂ ਪੜ੍ਹਾਈ ਕਰਨ ਲਈ ਯੂਕਰੇਨ ਗਏ ਵਿਦਿਆਰਥੀਆਂ ਦੇ ਮਾਪਿਆਂ ਦੀ ਘਬਰਾਹਟ ਵਧ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵੀ ਯੂਕਰੇਨ ਤੋਂ ਪੰਜਾਬੀਆਂ ਦੀ ਵਾਪਸੀ ਲਈ ਕੇਂਦਰ ਸਰਕਾਰ ਨਾਲ ਰਾਬਤਾ ਕੀਤਾ ਗਿਆ ਹੈ। ਪੰਜਾਬ ’ਚੋਂ ਸਿਆਸੀ ਧਿਰਾਂ ਨੇ ਕੇਂਦਰ ਸਰਕਾਰ ’ਤੇ ਦਬਾਓ ਬਣਾਉਣਾ ਸ਼ੁਰੂ ਕਰ ਕੀਤਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਯੂਕਰੇਨ ਵਿੱਚ ਕਰੀਬ 18 ਹਜ਼ਾਰ ਭਾਰਤੀ ਫਸੇ ਹੋਏ ਹਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਪੰਜਾਬ ’ਚੋਂ ਮੈਡੀਕਲ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੀ ਵੀ ਹੈ। ਜ਼ਿਲ੍ਹਾ ਮੁਕਤਸਰ ਦੇ ਵੀ ਚਾਰ ਵਿਦਿਆਰਥੀ ਯੂਕਰੇਨ ’ਚੋਂ ਮੁੜਨ ਦੀ ਉਡੀਕ ਵਿੱਚ ਹਨ। ਇਸ ਜ਼ਿਲ੍ਹੇ ਦੀ ਜਸਮੀਨ ਕੌਰ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ ਤੇ ਅਨੀਸ਼ ਚਾਵਲਾ ਵੀ ਮੈਡੀਕਲ ਕੋਰਸ ਦੇ ਪਹਿਲੇ ਸਾਲ ਦਾ ਵਿਦਿਆਰਥੀ ਹੈ। ਇਸੇ ਜ਼ਿਲ੍ਹੇ ਦੀ ਮਹਿਕਪ੍ਰੀਤ ਕੌਰ ਵੀ ਯੂਕਰੇਨ ਵਿੱਚ ਫਸੀ ਹੋਈ ਹੈ। ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਸਥਾਨਕ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਗਿਆ ਹੈ ਕਿ ਉਨ੍ਹਾਂ ਆਪਣੇ ਬੱਚਿਆਂ ਨੂੰ ਯੂਕਰੇਨ ’ਚੋਂ ਵਾਪਸ ਲਿਆਉਣ ਲਈ ਜੋ ਟਿਕਟਾਂ ਬੁੱਕ ਕੀਤੀਆਂ ਸਨ, ਉਹ ਰੱਦ ਕਰ ਦਿੱਤੀਆਂ ਗਈਆਂ ਹਨ। ਕਾਦੀਆਂ ਹਲਕੇ ਦਾ ਗੁਰਪ੍ਰਤਾਪ ਸਿੰਘ ਵੀ ਯੂਕਰੇਨ ਵਿੱਚ ਫਸ ਗਿਆ ਹੈ, ਜੋ ਉੱਥੋਂ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਨਵਾੜੀ ਦਾ ਅਭਿਨੰਦਨ ਵੀ ਯੂਕਰੇਨ ਵਿੱਚ ਹੈ ਜੋ ਘਰ ਵਾਪਸੀ ਦੀ ਉਡੀਕ ਕਰ ਰਿਹਾ ਹੈ। ਅਭਿਨੰਦਨ ਦੇ ਪਿਤਾ ਕਾਕਾ ਰਾਮ ਮੁਤਾਬਕ ਉਨ੍ਹਾਂ ਦਾ ਲੜਕਾ ਨਵੰਬਰ 2020 ਵਿੱਚ ਯੂਕਰੇਨ ਗਿਆ ਸੀ। ਉਥੇ ਉਹ ਬਿਜ਼ਨਸ ਮੈਨੇਜਮੈਂਟ ਦੀ ਪੜ੍ਹਾਈ ਕਰ ਰਿਹਾ ਹੈ। ਜ਼ਿਲ੍ਹਾ ਮਾਨਸਾ ਦੇ ਵੀ ਕਈ ਵਿਦਿਆਰਥੀ ਹਾਲੇ ਯੂਕਰੇਨ ਵਿੱਚ ਫਸੇ ਹੋਏ ਹਨ। ਕੀਵ ਤੋਂ ਨੀਲੇਸ਼ ਨਾਮ ਦੇ ਵਿਦਿਆਰਥੀ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਕ ਖਾਣਾ ਅਤੇ ਪਾਣੀ ਇਕੱਠਾ ਕਰਨ ਵਿੱਚ ਜੁੱਟ ਗਏ ਹਨ ਅਤੇ ਪਾਣੀ ਲਈ ਲੰਮੀਆਂ ਕਤਾਰਾਂ ਲੱਗ ਗਈਆਂ ਹਨ। ਉਨ੍ਹਾਂ ਦੱਸਿਆ ਕਿ ਏਅਰਸਪੇਸ ਬੰਦ ਹੋਣ ਕਰਕੇ ਉਡਾਣ ਵਾਪਸ ਚਲੀ ਗਈ ਹੈ। ਉਨ੍ਹਾਂ ਦੱਸਿਆ ਕਿ 50 ਤੋਂ 60 ਵਿਦਿਆਰਥੀ ਇੱਕ ਹੋਸਟਲ ਵਿੱਚ ਹਨ। ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਕੇਂਦਰੀ ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਤੇ ਪੰਜਾਬੀ ਵਿਦਿਆਰਥੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਫੌਰੀ ਪ੍ਰਬੰਧ ਕੀਤੇ ਜਾਣ ਕਿਉਂਕਿ ਵਿਦਿਆਰਥੀਆਂ ਦੇ ਮਾਪਿਆਂ ਵਿੱਚ ਘਬਰਾਹਟ ਪਾਈ ਜਾ ਰਹੀ ਹੈ।
ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨੂੰ ਅਪੀਲ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਅੱਜ ਟਵੀਟ ਕਰਕੇ ਯੂਕਰੇਨ ਵਿੱਚ ਫਸੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਲੈ ਕੇ ਫਿਕਰ ਜ਼ਾਹਿਰ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਯੂਕਰੇਨ ਵਿਚ ਫਸੇ ਪੰਜਾਬੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਫਿਕਰਮੰਦ ਹਨ।
ਵਿਦਿਆਰਥਣ ਨੇ ਵੀਡੀਓ ਰਾਹੀਂ ਦਿਖਾਏ ਯੂਕਰੇਨ ਦੇ ਹਾਲਾਤ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਰੂਸ ਵੱਲੋਂ ਯੂਕਰੇਨ ਵਿਚ ਕੀਤੀ ਗਈ ਫੌਜੀ ਕਾਰਵਾਈ ਕਾਰਨ ਪੰਜਾਬ ਤੋਂ ਯੂਕਰੇਨ ਗਏ ਲਗਪਗ 60 ਵਿਦਿਆਰਥੀ ਫਸ ਗਏ ਹਨ, ਜਿਨ੍ਹਾਂ ਵਿਚੋਂ 25 ਵਿਦਿਆਰਥੀ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਹਨ। ਇਥੋਂ ਦੀ ਇੱਕ ਵਿਦਿਆਰਥਣ ਨੇ ਵੀਡੀਓ ਰਾਹੀਂ ਯੂਕਰੇਨ ਦੇ ਹਾਲਾਤ ਵੀ ਦਿਖਾਏ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਪੰਜਾਬ ਦੇ 60 ਵਿਦਿਆਰਥੀਆਂ ਵਿਚੋਂ ਵਧੇਰੇ ਐੱਮਬੀਬੀਐੱਸ ਕਰ ਰਹੇ ਹਨ। ਇਹ ਸਾਰੇ ਯੂਕਰੇਨ ਦੀ ਲਵਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਅਤੇ ਖਰਕੀਵ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਅੰਮ੍ਰਿਤਸਰ ਦੇ 25 ਵਿਦਿਆਰਥੀਆਂ ਵਿਚੋਂ 23 ਉਥੇ ਐੱਮਬੀਬੀਐੱਸ ਕਰ ਰਹੇ ਹਨ ਜਦੋਂਕਿ ਦੋ ਹੋਰ ਕੋਰਸ ਕਰਦੇ ਹਨ। ਇਹ ਵਿਦਿਆਰਥੀ ਵਰਕ ਪਰਮਿਟ ਹੋਣ ਕਾਰਨ ਉਥੇ ਕੰਮ ਵੀ ਕਰਦੇ ਹਨ। ਅੰਮ੍ਰਿਤਸਰ ਦੀ ਐੱਮਬੀਬੀਐੱਸ ਕਰ ਰਹੀ ਵਿਦਿਆਰਥਣ ਨੇ ਉਥੋਂ ਦੀ ਇਕ ਵੀਡੀਓ ਵੀ ਆਪਣੇ ਮਾਪਿਆਂ ਨੂੰ ਭੇਜੀ ਹੈ ਜੋ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੀ ਹੈ। ਸ਼ਾਪਿੰਗ ਮਾਲ ਵਿਚ ਲੋਕਾਂ ਦੀ ਭੀੜ ਹੈ, ਏਟੀਐਮ ’ਚੋਂ ਪੈਸੇ ਕਢਵਾਉਣ ਵਾਲਿਆਂ ਦੀਆਂ ਵੀ ਲੰਮੀਆਂ ਕਤਾਰਾਂ ਦਿਖਾਈ ਦਿੰਦੀਆਂ ਹਨ। ਇਕ ਵਿਦਿਆਰਥਣ ਦੀ ਮਾਂ ਕੁਲਦੀਪ ਕੌਰ ਤੇ ਇਕ ਹੋਰ ਵਿਦਿਆਰਥਣ ਦੇ ਪਿਤਾ ਨਰਿੰਦਰ ਨੇ ਭਾਰਤ ਸਰਕਾਰ ਨੂੰ ਵਿਦਿਆਰਥੀਆਂ ਦੀ ਵਾਪਸੀ ਲਈ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਔਜਲਾ ਨੇ ਦੱਸਿਆ ਕਿ ਉਨ੍ਹਾਂ ਵਿਦੇਸ਼ ਮੰਤਰੀ ਡਾ. ਜੈ ਸ਼ੰਕਰ ਨੂੰ ਵਿਦਿਆਰਥੀਆਂ ਦੀ ਸਰੱਖਿਅਤ ਵਾਪਸੀ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।