ਸਰਬਜੀਤ ਸਿੰਘ ਭੰਗੂ
ਪਟਿਆਲਾ, 24 ਅਗਸਤ
ਪੰਜਾਬੀ ਯੂਨੀਵਰਸਿਟੀ ਦੀ ‘ਡਾ. ਗੰਡਾ ਸਿੰਘ ਰੈਫਰੈਂਸ ਲਾਇਬਰੇਰੀ’ ਵਿੱਚ ਧਾਰਮਿਕ ਪੁਸਤਕਾਂ, ਪੋਥੀਆਂ ਅਤੇ ਖਰੜਿਆਂ ਦੀ ਹੋਈ ਬੇਅਦਬੀ ਸਬੰਧੀ ਸੈਕੂਲਰ ਯੂਥ ਫੈਡਰੇਸ਼ਨ ਆਫ਼ ਇੰਡੀਆ ਸੈਫੀ ਵੱਲੋਂ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਦੀ ਅਗਵਾਈ ਹੇਠ ਵੀਸੀ ਦਫਤਰ ਅੱਗੇ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਉਧਰ, ਸੈਫ਼ੀ ਦੀ ਬੇਨਤੀ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਗਠਿਤ ਕੀਤੀ ਗਈ ਤਿੰਨ ਮੈਂਬਰੀ ਕਮੇਟੀ ਨੇ ਅੱਜ ਧਰਨੇ ’ਚ ਪਹੁੰਚ ਕੇ ਜਿਥੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ, ਉਥੇ ਹੀ ਲਾਇਬਰੇਰੀ ਵਿਚਲੇ ਘਟਨਾ ਸਥਾਨ ਦਾ ਦੌਰਾ ਵੀ ਕੀਤਾ। ਇਸ ਦੌਰਾਨ ਯੂਨੀਵਰਸਿਟੀ ਅਧਿਕਾਰੀ ਵੀ ਨਾਲ ਰਹੇ।
ਇਲਾਕੇ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਕਰਤਾਰਪੁਰ ਦੀ ਅਗਵਾਈ ਹੇਠਲੀ ਇਸ ਕਮੇਟੀ ’ਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਸਟੀਚਿਊਟ ਦੇ ਡਾਇਰੈਕਟਰ ਡਾ. ਚਮਕੌਰ ਸਿੰਘ ਤੇ ਪੰਜਾਬੀ ਯੂਨੀਵਰਸਿਟੀ ਦੇ ਡਾ. ਜੋਗੇਸ਼ਵਰ ਸਿੰਘ ਸਿੱਖ ਇਤਿਹਾਸ ਰਿਸਰਚ ਬੋਰਡ ਦੇ ਨੁਮਾਇੰਦੇ ਤੋਂ ਇਲਾਵਾ ਡਾ. ਪਰਮਵੀਰ ਸਿੰਘ ਵੀ ਮੌਜੂਦ ਸਨ। ਯਾਦਵਿੰਦਰ ਸਿੰਘ ਯਾਦੂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਸਾਲ 2015 ’ਚ ਵੀ ਅਜਿਹੀਆਂ ਹੀ ਪੁਸਤਕਾਂ ਨੂੰ ਅਪਮਾਨਜਨਕ ਢੰਗ ਨਾਲ ਰੱੱਦੀ ਦੇ ਰੂਪ ਵਿੱਚ ਟਰੱੱਕ ’ਚ ਲੱਦ ਕੇ ਵੀ ਬੇਅਦਬੀ ਕੀਤੀ ਗਈ ਸੀ। ਉਦੋਂ ਸੈਫੀ ਨੇ ਦਖਲ ਦਿੰਦਿਆਂ ਇਹ ਧਾਰਮਿਕ ਪੁਸਤਕਾਂ ਲਾਇਬਰੇਰੀ ’ਚ ਰਖਵਾਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਤੱਕ ਇਹ ਸੰਘਰਸ਼ ਜਾਰੀ ਰਹੇਗਾ।
ਉਧਰ ਇਸੇ ਮਾਮਲੇ ਦੀ ਜਾਂਚ ਲਈ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਯੂਨੀਵਰਸਿਟੀ ਵੱਲੋਂ ਵੱਖਰੇ ਤੌਰ ’ਤੇ ਜਾਂਚ ਕਮੇਟੀ ਦਾ ਗਠਨ ਕੀਤਾ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਗਈ ਕਮੇਟੀ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਨੇ ਕਿਹਾ ਕਿ ਅਜੇ ਇਸ ਸਬੰਧੀ ਹੋਰ ਬਾਰੀਕੀ ਨਾਲ਼ ਜਾਂਚ ਕਰਨ ਦੀ ਲੋੜ ਹੈ।