ਸਰਬਜੀਤ ਸਿੰਘ ਭੰਗੂ
ਪਟਿਆਲਾ, 7 ਨਵੰਬਰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਮਗਰੋ ਪੈਦਾ ਹੋਏ ਨਵੇਂ ਸਮੀਕਰਨਾਂ ਦੇ ਚੱਲਦਿਆਂ ਪਟਿਆਲਾ ਜ਼ਿਲ੍ਹੇ ਦੇ ਕਾਂਗਰਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਪੰਜਾਬ ਕਾਂਗਰਸ ਮਾਮਲਿਆਂ ਦੇ ਨਵੇਂ ਬਣੇ ਇੰਚਾਰਜ ਹਰੀਸ਼ ਚੌਧਰੀ ਅੱਜ ਇਥੇ ਪਟਿਆਲਾ ਪੁੱਜੇ। ਇਸ ਦੌਰਾਨ ਇੱਥੇ ਸਰਕਟ ਹਾਊਸ ਵਿੱਚ ਜ਼ਿਲ੍ਹੇ ਦੇ ਸਮੂਹ ਵਿਧਾਇਕ ਤੇ ਅਹੁਦੇਦਾਰ ਪੁੱਜੇ ਹੋਏ ਹਨ। ਇਸੇ ਦੌਰਾਨ ਆਪਣੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਕਰੋਨਾ ਵਲੰਟੀਅਰਾਂ ਅਤੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਕਰ ਰਹੇ ਨਰਸਿੰਗ ਸਟਾਫ ਅਤੇ ਕਿਸਾਨਾਂ ਨੇ ਇਥੇ ਰੋਸ ਪ੍ਰਦਰਸ਼ਨ ਕੀਤੇ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਸਰਕਾਰ ਆਪਣੇ ਵਾਅਦੇ ਪੂਰੇ ਕਰਨ ’ਚ ਅਸਫਲ ਰਹੀ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਹਰੀਸ਼ ਚੌਧਰੀ ਨਾਲ ਮਿਲਾਉਣ ਲਈ ਟਕਸਾਲੀ ਕਾਂਗਰਸੀ ਆਗੂ ਗੁਰਦੇਵ ਸਿੰਘ ਪੂਨੀਆ ਨੇ ਅਹਿਮ ਭੂਮਿਕਾ ਨਿਭਾਈ।