ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 14 ਮਈ
ਮਹਾਰਾਸ਼ਟਰ ਦੇ ਨਾਗਪੁਰ ’ਚ ਕੇਂਦਰੀ ਜੇਲ੍ਹ ਵਿੱਚ ਬੰਦ ਡਾ. ਜੀਐੱਨ ਸਾਈ ਬਾਬਾ ਦੀ ਪਤਨੀ ਏਐੱਸ ਵਸੰਤ ਕੁਮਾਰੀ ਤੇ ਭਰਾ ਡਾ. ਜੀ ਰਾਮਾਦੇਵਦੂ ਨੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਹੈ ਕਿ ਜੇਲ੍ਹ ਦੇ ਅੰਡਾ ਸੈੱਲ ਵਿੱਚ ਬੰਦ ਕੀਤੇ ਸਾਈ ਬਾਬਾ ਦੀ ਨਿੱਜਤਾ ਬਰਕਰਾਰ ਰੱਖੀ ਜਾਵੇ ਤੇ ਸੈੱਲ ਵਿੱਚ ਲਗਾਇਆ ਗਿਆ ਸੀਸੀਟੀਵੀ ਕੈਮਰਾ ਹਟਾਇਆ ਜਾਵੇ। ਅੱਜ ਭੇਜੇ ਗਏ ਇਸ ਪੱਤਰ ਵਿੱਚ ਉਨ੍ਹਾਂ ਦੱਸਿਆ ਕਿ ਜੇ ਨਿੱਜਤਾ ਦਾ ਹੱਕ ਬਰਕਰਾਰ ਨਾ ਰੱਖਿਆ ਗਿਆ ਤਾਂ ਸਾਈ ਬਾਬਾ ਵੱਲੋਂ ਦੋ ਦਿਨ ਬਾਅਦ ਜੇਲ੍ਹ ਵਿੱਚ ਭੁੱਖ ਹੜਤਾਲ ਆਰੰਭ ਦਿੱਤੀ ਜਾਵੇਗੀ। 10 ਮਈ ਨੂੰ ਜੇਲ੍ਹ ਪ੍ਰਸ਼ਾਸਨ ਨੇ ਸੈੱਲ ਵਿੱਚ 24 ਘੰਟੇ ਨਿਗਰਾਨੀ ਲਈ ਇਹ ਸੀਸੀਟੀਵੀ ਕੈਮਰਾ ਲਾਇਆ ਹੈ, ਜੋ ਟਾਇਲਟ ਸੀਟ ਤੇ ਨਹਾਉਣ ਵਾਲੇ ਥਾਂ ਨੂੰ ਵੀ ਕਵਰ ਕਰਦਾ ਹੈ। ਇਸ ਨਾਲ 90 ਫ਼ੀਸਦੀ ਅਪਾਹਜ ਬਣ ਚੁੱਕੇ ਡਾ. ਸਾਈ ਬਾਬਾ ਦੀ ਨਿੱਜਤਾ ਖ਼ਤਮ ਹੋ ਗਈ ਹੈ।