ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 28 ਅਪਰੈਲ
ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਰਛਪਾਲ ਸਿੰਘ ਅਤੇ ਰਘਬੀਰ ਸਿੰਘ ਨੇ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਨੂੰ ਅੱਸੀ ਫ਼ੀਸਦ ਸਬਸਿਡੀ ’ਤੇ ਸੋਲਰ ਪੰਪ ਲਾ ਕੇ ਦਿੱਤੇ ਜਾਣ। ਜਥੇਬੰਦੀ ਦੇ ਆਗੂਆਂ ਦਾ ਕਹਿਣਾ ਹੈ ਕਿ ਸਖ਼ਤ ਗਰਮੀ ਪੈਣ ਕਾਰਨ ਥਰਮਲ ਪਲਾਂਟਾਂ ਦੇ ਯੂਨਿਟ ਲਗਾਤਾਰ ਬੰਦ ਜਾਂ ਖ਼ਰਾਬ ਹੋ ਰਹੇ ਹਨ। ਵੱਧ ਲੋਡ ਕਰ ਕੇ ਬਿਜਲੀ ਸਪਲਾਈ ਲਾਈਨਾਂ ਤੇ ਟਰਾਂਸਫਾਰਮਰ ਸੜ ਰਹੇ ਹਨ, ਜਿਸ ਕਰ ਕੇ ਲੰਮੇ ਬਿਜਲੀ ਦੇ ਕੱਟ ਲੱਗਦੇ ਹਨ ਜਾਂ ਕਈ ਕਈ ਦਿਨ ਬਿਜਲੀ ਸਪਲਾਈ ਬੰਦ ਰਹਿੰਦੀ ਹੈ। ਨਤੀਜੇ ਵਜੋਂ ਫ਼ਸਲਾਂ ਸੁੱਕ ਕੇ ਤਬਾਹ ਹੋ ਜਾਂਦੀਆਂ ਹਨ। ਇਸ ਲਈ ਸਾਰੇ ਸੂਬੇ ਵਿੱਚ ਸੋਲਰ ਪੰਪ ਲਗਾਏ ਜਾਣ, ਜੋ ਸਿਰਫ਼ ਇੱਕ ਵਾਰ ਕੀਤੇ ਖ਼ਰਚ ਮਗਰੋਂ ਲੰਮਾ ਸਮਾਂ ਮੁਫ਼ਤ ਵਾਂਗ ਕੰਮ ਕਰਦੇ ਹਨ।
ਯੂਨੀਅਨ ਨੇ ਮੰਗ ਕੀਤੀ ਕਿ ਸਰਕਾਰ ਵੱਲੋਂ ਸੋਲਰ ਪੰਪ ਲਾਉਣ ਦਾ ਘੇਰਾ ਹਾਲੇ 33 ਬਲਾਕਾਂ ਤੱਕ ਸੀਮਤ ਕੀਤਾ ਗਿਆ ਹੈ, ਜਿਸ ਨੂੰ ਵਧਾ ਕੇ ਪੰਜਾਬ ਦੇ ਕੁਲ 147 ਬਲਾਕਾਂ ਤੱਕ ਕੀਤਾ ਜਾਣਾ ਚਾਹੀਦਾ ਹੈ।