ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 10 ਮਈ
ਦਲ ਖਾਲਸਾ ਦੇ ਮੋਢੀ ਗਜਿੰਦਰ ਸਿੰਘ ਤੋਂ ਬਾਅਦ ਹੁਣ ਦਲ ਖਾਲਸਾ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਦਾ ਫੇਸਬੁਕ (ਐਫਬੀ) ਖਾਤਾ ਵੀ ਬੰਦ ਕਰ ਦਿੱਤਾ ਗਿਆ ਹੈ। ਇਸ ਦਾ ਖ਼ੁਲਾਸਾ ਕੰਵਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਈਦ ਵਾਲੇ ਦਿਨ ਉਨ੍ਹਾਂ ਦਾ ਸੋਸ਼ਲ ਮੀਡੀਆ ਖਾਤਾ ‘ਸਸਪੈਂਡ’ ਕੀਤਾ ਗਿਆ ਸੀ। ਜਿਸ ਨੂੰ 24 ਘੰਟਿਆਂ ਬਾਅਦ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਬਾਰੇ ਸਬੰਧਤ ਅਦਾਰੇ ਨੇ ਈਮੇਲ ਰਾਹੀਂ ਉਨ੍ਹਾਂ ਨੂੰ ਕਿਹਾ ਕਿ ਖਾਤੇ ਦੀਆਂ ਗਤੀਵਿਧੀਆਂ ਨਿਰਧਾਰਤ ਮਾਪਦੰਡ ਦੀ ਪਾਲਣਾ ਨਹੀਂ ਕਰਦੀਆਂ। ਸ੍ਰੀ ਕੰਵਰਪਾਲ ਨੇ ਕਿਹਾ ਕਿ ਐਫਬੀ ਦੇ ਇਕਪਾਸੜ ਇਸ ਫ਼ੈਸਲੇ ਬਾਰੇ ਉਨ੍ਹਾਂ ਆਪਣਾ ਇਤਰਾਜ਼ ਰੱਖਿਆ ਸੀ ਪਰ ਇਕ ਹਫ਼ਤਾ ਬੀਤਣ ਮਗਰੋਂ ਵੀ ਖਾਤਾ ਸ਼ੁਰੂ ਕਰਨ ਬਾਰੇ ਕੋਈ ਹੁੰਗਾਰਾ ਨਹੀਂ ਆਇਆ ਹੈ।