ਜਗਮੋਹਨ ਸਿੰਘ
ਘਨੌਲੀ, 16 ਮਈ
ਸਵਿੱਟਜ਼ਰਲੈਂਡ ਨਾਲ ਸਬੰਧਿਤ ਕੰਪਨੀ ਹੋਲਸਿਮ ਲਿਮਿਟਡ ਵੱਲੋਂ ਅੰਬੂਜਾ ਸੀਮਿੰਟ ਲਿਮਿਟਡ ਅਤੇ ਏਸੀਸੀ ਲਿਮਿਟਡ ਵਿੱਚ ਆਪਣਾ ਬਣਦਾ ਸਾਰਾ ਹਿੱਸਾ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੂੰ ਵੇਚੇ ਜਾਣ ਮਗਰੋਂ ਵੀ ਦਬੁਰਜੀ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਇਲਾਕਾ ਵਾਸੀਆਂ ਨੇ ਸਮੱਸਿਆਵਾਂ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਰੋਸ ਧਰਨੇ ਦੀ ਅਗਵਾਈ ਕਰ ਰਹੇ ਆਗੂ ਰਾਜਿੰਦਰ ਸਿੰਘ ਘਨੌਲਾ, ਪਰਮਜੀਤ ਸਿੰਘ ਬਹਾਦਰਪੁਰ, ਤਜਿੰਦਰ ਸਿੰਘ ਲੋਹਗੜ੍ਹ ਫਿੱਡੇ ਅਤੇ ਕੁਲਦੀਪ ਸਿੰਘ ਜੇਈ ਘਨੌਲੀ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅੰਬੂਜਾ ਸੀਮਿੰਟ ਫੈਕਟਰੀ ਅਤੇ ਥਰਮਲ ਪਲਾਂਟ ਰੂਪਨਗਰ ਦੇ ਪ੍ਰਦੂਸ਼ਣ ਖ਼ਿਲਾਫ਼ ਸੰਘਰਸ਼ ਕਰਦੇ ਆ ਰਹੇ ਹਨ ਪਰ ਅਜੇ ਤੱਕ ਸਮੱਸਿਆ ਹੱਲ ਨਹੀਂ ਹੋਈ ਹੈ। ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਿਭਾਗ ਪੰਜਾਬ ਸਣੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ’ਤੇ ਵੀ ਅਪੀਲਾਂ ਅਤੇ ਦਲੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸਵਿੱਟਜ਼ਰਲੈਂਡ ਦੀ ਕੰਪਨੀ ਨੇ ਅੰਬੂਜਾ ਫੈਕਟਰੀ ਖ਼ਰੀਦੀ ਸੀ ਤਾਂ ਲੱਗਿਆ ਸੀ ਕਿ ਅੰਗਰੇਜ਼ ਨਿਯਮਾਂ ਦੀ ਪਾਲਣਾ ਕਰਨ ਦੇ ਪਾਬੰਦ ਹੋਣ ਕਰ ਕੇ ਸ਼ਾਇਦ ਉਹ ਇਸ ਫੈਕਟਰੀ ਦੇ ਪ੍ਰਦੂਸ਼ਣ ਨੂੰ ਘਟਾਉਣ ਵੱਲ ਵੀ ਧਿਆਨ ਦੇਣਗੇ। ਇਸ ਦੇ ਬਾਵਜੂਦ ਫੈਕਟਰੀ ਦੇ ਮਾਲਕ ਸਣੇ ਕਿਸੇ ਵੀ ਉੱਚ ਅਧਿਕਾਰੀ ਨੇ ਪੱਲਾ ਨਾ ਫੜਾਇਆ। ਇਸ ਮਗਰੋਂ ਉਨ੍ਹਾਂ ਸਵਿੱਟਜ਼ਰਲੈਂਡ ਤੋਂ ਮੀਡੀਆ ਸੱਦ ਕੇ ਫੈਕਟਰੀ ਦੇ ਪ੍ਰਦੂਸ਼ਣ ਬਾਰੇ ਸਵਿੱਸ ਭਾਸ਼ਾ ਵਿੱਚ ਖ਼ਬਰਾਂ ਸਵਿੱਟਜ਼ਰਲੈਂਡ ਦੇ ਚੈਨਲਾਂ ’ਤੇ ਚਲਵਾਈਆਂ ਪਰ ਫਿਰ ਵੀ ਮਸਲਾ ਹੱਲ ਨਾ ਹੋਇਆ। ਆਗੂਆਂ ਨੇ ਕਿਹਾ ਕਿ ਮਸਲਾ ਹੱਲ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।