ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਇੱਥੋਂ ਦੇ ਦੀਨ ਦਿਆਲ ਉਪਾਧਿਆਏ ਨਗਰ ’ਚ ਪੈਦਲ ਜਾ ਰਹੀ ਲੜਕੀ ਕੋਲੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਜਦੋਂ ਲੜਕੀ ਨੇ ਮੋਬਾਈਲ ਨਹੀਂ ਛੱਡਿਆ ਤਾਂ ਝਪਟਮਾਰਾਂ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਗੁੱਟ ਹੀ ਵੱਢ ਦਿੱਤਾ। ਲੜਕੀ ਨੇ ਹਿੰਮਤ ਨਹੀਂ ਹਾਰੀ ਤੇ ਉਸ ਨੇ ਮੋਬਾਈਲ ਖੋਹ ਕੇ ਭੱਜ ਰਹੇ ਲੁਟੇਰਿਆਂ ਵਿੱਚੋਂ ਇੱਕ ਨੂੰ ਮੋਟਰਸਾਈਕਲ ਤੋਂ ਬੈਠੇ ਨੂੰ ਪਿੱਛਿਓਂ ਫੜ ਕੇ ਲਾਹ ਲਿਆ। ਇੰਨੇ ਨੂੰ ਹੋਰ ਲੋਕ ਵੀ ਇਕੱਠੇ ਹੋ ਗਏ ਤੇ ਉਨ੍ਹਾਂ ਨੇ ਲੜਕੀ ਵੱਲੋਂ ਫੜੇ ਲੁਟੇਰੇ ਦੇ ਕੁਟਾਪਾ ਵੀ ਚਾੜ੍ਹਿਆ ਤੇ ਉਸ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਕੁਸਮ ਵਾਸੀ ਫਤਹਿਪੁਰ, ਮੁਹੱਲਾ ਦੀਨ ਦਿਆਲ ਉਪਾਧਿਆਏ ਨਗਰ ’ਚ ਪੈਦਲ ਜਾ ਰਹੀ ਸੀ ਕਿ ਪਿੱਛਿਓਂ ਆਏ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸ ਦੇ ਹੱਥ ’ਚ ਫੜਿਆ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ। ਘਟਨਾ ਦੌਰਾਨ ਕੁਸਮ ਨੇ ਮੋਬਾਈਲ ਨਹੀਂ ਛੱਡਿਆ। ਇਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਕਿਸੇ ਤੇਜ਼ਧਾਰ ਹਥਿਆਰ ਨਾਲ ਕੁਸਮ ਦਾ ਗੁੱਟ ਹੀ ਵੱਢ ਦਿੱਤਾ ਤੇ ਉਸ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ ਸਨ। ਲੜਕੀ ਵੱਲੋਂ ਦਿਖਾਈ ਗਈ ਹਿੰਮਤ ਕਾਰਨ ਜਿੱਥੇ ਇੱਕ ਲੁਟੇਰਾ ਫੜਿਆ ਵੀ ਗਿਆ ਤੇ ਮੋਬਾਈਲ ਵੀ ਮਿਲ ਗਿਆ। ਥਾਣਾ ਮੁਖੀ ਜਤਿੰਦਰ ਸਿੰਘ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ। ਪੁਲੀਸ ਨੇ ਇੱਕ ਮੁਲਜ਼ਮ ਅਵਿਨਾਸ਼ ਵਾਸੀ ਬੇਗਮਪੁਰਾ ਮੁਹੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜਾ ਮੁਲਜ਼ਮ ਵਿਨੋਦ ਕੁਮਾਰ ਵਾਸੀ ਰੇਲਵੇ ਕੁਆਰਟਰ ਹਾਲੇ ਫ਼ਰਾਰ ਹੈ।
ਪੁਲੀਸ ਵੱਲੋਂ ਬਹਾਦਰੀ ਐਵਾਰਡ ਦੀ ਕੀਤੀ ਜਾਵੇਗੀ ਸਿਫਾਰਸ਼
ਕਮਿਸ਼ਨਰੇਟ ਪੁਲੀਸ ਵੱਲੋਂ 15 ਸਾਲਾ ਕੁਸੁਮ ਦੁਆਰਾ ਮੋਬਾਈਲ ਖੋਹਣ ਵਾਲਿਆਂ ਵਿਰੁੱਧ ਦਿਖਾਏ ਲਾਮਿਸਾਲ ਹੌਸਲੇ ਲਈ ਕੌਮੀ ਅਤੇ ਸੂਬਾ ਪੱਧਰੀ ਬਹਾਦਰੀ ਐਵਾਰਡ ਦੀ ਸਿਫਾਰਸ਼ ਕੀਤੀ ਜਾਵੇਗੀ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੀ ਨੂੰ ਤੁਰੰਤ ਜੋਸ਼ੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੇ ਗੁੱਟ ਦੀ ਛੋਟੀ ਸਰਜਰੀ ਕੀਤੀ ਗਈ।