ਜੋਗਿੰਦਰ ਸਿੰਘ ਮਾਨ
ਮਾਨਸਾ, 18 ਜਨਵਰੀ
ਸੀਪੀਆਈ (ਐੱਮਐੱਲ) ਲਬਿਰੇਸ਼ਨ ਦੀ ਸੂਬਾ ਕਮੇਟੀ ਨੇ ਪੰਜਾਬ ਵਿੱਚ 20 ਵਿਧਾਨ ਸਭਾ ਹਲਕਿਆਂ ਚੋਣ ਲੜਨ ਦਾ ਐਲਾਨ ਕੀਤਾ ਹੈ। ਪਾਰਟੀ ਦੀ ਇੱਥੇ ਬਾਬਾ ਬੂਝਾ ਸਿੰਘ ਭਵਨ ਵਿੱਚ ਹੋਈ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ’ਤੇ ਕਾਮਰੇਡ ਰਾਜਾ ਰਾਮ ਸਿੰਘ ਅਤੇ ਪਰਭਾਤ ਚੌਧਰੀ ਸ਼ਾਮਲ ਹੋਏ।
ਆਗੂਆਂ ਨੇ ਕਿਹਾ ਕਿ ਸੰਯੁਕਤ ਸਮਾਜ ਮੋਰਚਾ ਅਤੇ ਖੱਬੀਆਂ ਪਾਰਟੀਆਂ ਨਾਲ ਸੀਟਾਂ ਦੇ ਤਾਲਮੇਲ ਲਈ ਜਲਦੀ ਹੀ ਗੱਲਬਾਤ ਕੀਤੀ ਜਾਵੇਗੀ, ਜਿਸ ਲਈ ਤਿੰਨ ਮੈਂਬਰੀ ਕਮੇਟੀ ਵੀ ਨਾਮਜ਼ਦ ਕੀਤੀ ਗਈ ਹੈ।
ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਪਾਰਟੀ ਵੱਲੋਂ ਲੜੇ ਜਾਣ ਵਾਲੇ ਹਲਕਿਆਂ ਵਿੱਚ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਦਿੜ੍ਹਬਾ, ਧੂਰੀ, ਸੁਨਾਮ, ਬਰਨਾਲਾ, ਭਦੌੜ, ਮਹਿਲ ਕਲਾਂ, ਸੰਗਰੂਰ, ਭੁੱਚੋ, ਮੌੜ, ਫ਼ਰੀਦਕੋਟ, ਕੋਟਕਪੂਰਾ, ਫਿਰੋਜ਼ਪੁਰ (ਦਿਹਾਤੀ), ਮੋਗਾ ਅਤੇ ਨਿਹਾਲ ਸਿੰਘ ਵਾਲਾ ਸ਼ਾਮਲ ਹਨ ਜਦਕਿ ਹੋਰ ਤਿੰਨ ਹਲਕਿਆਂ ਬਾਰੇ ਜਲਦੀ ਤੈਅ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਲਬਿਰੇਸ਼ਨ ਭਾਜਪਾ ਦੀ ਪੂੰਜੀਵਾਦੀ ਵਿਚਾਰਧਾਰਾ ਦਾ ਹਰ ਪੱਧਰ ’ਤੇ ਸਮਝੌਤਾ ਰਹਿਤ ਵਿਰੋਧ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਆਰਥਿਕ ਨੀਤੀਆਂ ਦੇ ਸੁਆਲ ’ਤੇ ਭਾਜਪਾ, ਕਾਂਗਰਸ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਾਲੇ ਕੋਈ ਨੀਤੀਗਤ ਅੰਤਰ ਨਹੀਂ ਹੈ। ਇਸ ਲਈ ਪਾਰਟੀ ਸਮਝਦੀ ਹੈ ਕਿ ਇਨ੍ਹਾਂ ਸਭ ਨੂੰ ਬੇਪਰਦ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਚੋਣਾਂ ਵਿੱਚ ਮਜ਼ਦੂਰਾਂ, ਕਿਸਾਨਾਂ, ਛੋਟੇ ਵਪਾਰੀਆਂ, ਦੁਕਾਨਦਾਰਾਂ ਤੇ ਆਮ ਲੋਕਾਂ ਦੇ ਸਵਾਲ ਪ੍ਰਮੱਖਤਾ ਨਾਲ ਉਭਾਰੇਗੀ। ਇਸੇ ਦੌਰਾਨ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ ਸਮਰਪਿਤ ਨਵਾਂ ਸਾਲ ਦਾ ਇੱਕ ਕੈਲੰਡਰ ਵੀ ਜਾਰੀ ਕੀਤਾ ਗਿਆ।