ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਨਵੰਬਰ
ਕਾਂਗਰਸੀ ਸੰਸਦ ਮੈਂਬਰ ਪਰਨੀਤ ਕੌਰ ਦਾ ਬੀਤੇ ਦਿਨ ਪਿੰਡ ਦੌਣਕਲਾਂ ਵਿੱਚ ਇੱਕ ਕਿਸਾਨ ਜਥੇਬੰਦੀ ਵੱਲੋਂ ਘਿਰਾਓ ਕਰਨ ਦਾ ਪਿੰਡ ਦੇ ਸਾਬਕਾ ਸਰਪੰਚ ਅਤੇ ਕਿਸਾਨ ਆਗੂ ਹਰੀ ਸਿੰਘ ਢੀਂਡਸਾ ਸਮੇਤ ਕੁਝ ਹੋਰਾਂ ਨੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਤਰਕ ਦਿੱਤਾ ਕਿ ਪਰਨੀਤ ਕੌਰ ਕਿਸੇ ਰਾਜਸੀ ਸਮਾਗਮ ’ਚ ਨਹੀਂ, ਬਲਕਿ ਸ਼ੋਕ ਸਮਾਗਮ ’ਚ ਸ਼ਾਮਲ ਹੋਣ ਲਈ ਪਿੰਡ ਆਏ ਸਨ।
ਜ਼ਿਕਰਯੋਗ ਹੈ ਕਿ ਟਕਸਾਲੀ ਕਾਂਗਰਸੀ ਮਰਹੂਮ ਹਰਬੰਸ ਸਿੰਘ ਦੌਣਕਲਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਯਾਦ ਵਿੱਚ ਪ੍ਰਾਇਮਰੀ ਸਕੂਲ ਵਿੱਚ ਉਸਾਰੇ ਗਏ ਗੇਟ ਦਾ ਉਦਘਾਟਨ ਬੀਤੇ ਦਿਨ ਪਰਨੀਤ ਕੌਰ ਨੇ ਕੀਤਾ ਸੀ। ਇਹ ਸਕੂਲ ਪਿੰੰਡ ਤੋਂ ਬਾਹਰਵਾਰ ਹੈ ਪਰ ਉਦਘਾਟਨ ਮਗਰੋਂ ਜਦੋਂ ਪਰਨੀਤ ਕੌਰ ਦੀਆਂ ਗੱਡੀਆਂ ਦਾ ਕਾਫ਼ਲਾ ਪਿੰਡ ਦੇ ਅੰਦਰਲੇ ਹਿੱਸੇ ’ਚ ਦਾਖਲ ਹੋਣ ਲੱਗਾ ਤਾਂ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਘੇਰ ਲਿਆ ਜਿਸ ਕਾਰਨ ਪਰਨੀਤ ਕੌਰ ਨੂੰ ਵਾਪਸ ਜਾਣ ਪਿਆ ਸੀ। ਅੱਜ ਦੇਰ ਸ਼ਾਮੀ ਪਿੰਡ ਦੇ ਸਾਬਕਾ ਸਰਪੰਚ ਅਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਕਾਮਰੇਡ ਹਰੀ ਸਿੰਘ ਢੀਂਡਸਾ ਤੇ ਇੱਕ ਹੋਰ ਕਿਸਾਨ ਜਥੇਬੰਦੀ ਦੇ ਪ੍ਰਮੁੱਖ ਆਗੂ ਨੇ ਲਿਖਤੀ ਬਿਆਨ ਰਾਹੀਂ ਘਿਰਾਓ ਵਾਲੀ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸ਼ੋਕ ਸਮਾਗਮ ਵਿੱਚ ਜਾਣ ਵੇਲੇ ਪਰਨੀਤ ਕੌਰ ਦਾ ਘਿਰਾਓ ਨਹੀਂ ਸੀ ਕਰਨਾ ਚਾਹੀਦਾ।
ਸ਼ੋਕ ਸਭਾ ਬਾਰੇ ਅਨਾਊਂਸਮੈਂਟ ਨਹੀਂ ਸੀ ਹੋਈ: ਮੱਖਣ ਸਿੰਘ
ਕਿਸਾਨ ਯੂਨੀਅਨ ਉਗਰਾਹਾਂ ਦੀ ਦੌਣਕਲਾਂ ਇਕਾਈ ਦੇ ਪ੍ਰਧਾਨ ਮੱਖਣ ਸਿੰਘ ਨੇ ਕਿਹਾ ਕਿ ਪਰਨੀਤ ਕੌਰ ਵੱਲੋਂ ਗੇਟ ਦੇ ਉਦਘਾਟਨ ਲਈ ਆਉਣ ਦੀ ਹੀ ਪਿੰਡ ਵਿੱਚ ਅਨਾਊਂਸਮੈਂਟ ਹੋਈ ਸੀ, ਜਿਸ ਵਿੱਚ ਸ਼ੋਕ ਸਭਾ ਦਾ ਜ਼ਿਕਰ ਨਹੀਂ ਸੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਪਣੀ ਜਥੇਬੰਦੀ ਵੱਲੋਂ ਦਿੱਤੇ ਜਾਣ ਵਾਲੇ ਹਰ ਪ੍ਰੋਗਰਾਮ ’ਤੇ ਪਹਿਰਾ ਦੇਣ ਲਈ ਪਾਬੰਦ ਹਨ।