ਜਗਮੋਹਨ ਸਿੰਘ
ਰੂਪਨਗਰ, 28 ਅਪਰੈਲ
ਪਿੰਡ ਕੋਟਲਾ ਨਿਹੰਗ ਖਾਂ ਦੇ ਇਤਿਹਾਸਿਕ ਕਿਲ੍ਹੇ ’ਤੇ ਕਬਜ਼ੇ ਸਬੰਧੀ ਚੱਲ ਰਿਹਾ ਵਿਵਾਦ ਅੱਜ ਸੰਘਰਸ਼ਸੀਲ ਜਥੇਬੰਦੀਆਂ ਅਤੇ ਨਿਹੰਗ ਸਿੰਘਾਂ ਦੀ ਜਥੇਬੰਦੀ ਬੁੱਢਾ ਦਲ ਦੇ ਪ੍ਰਤੀਨਿਧੀਆਂ ਦੀ ਹੋਈ ਆਪਸੀ ਮੀਟਿੰਗ ਮਗਰੋਂ ਖਤਮ ਹੋ ਗਿਆ ਹੈ। ਕਿਰਤੀ ਕਿਸਾਨ ਮੋਰਚਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਵੀਰ ਸਿੰਘ ਬੜਵਾ ਅਤੇ ਸਕੱਤਰ ਜਗਮਨਦੀਪ ਸਿੰਘ ਪੜ੍ਹੀ ਨੇ ਦੱਸਿਆ ਕਿ ਇਤਿਹਾਸਿਕ ਕਿਲ੍ਹੇ ’ਤੇ ਭੌਂ ਮਾਫੀਆ ਨਾਲ ਸਬੰਧਤ ਕੁੱਝ ਵਿਅਕਤੀ ਕਬਜ਼ਾ ਕਰਨਾ ਚਾਹੁੰਦੇ ਸਨ ਪਰ ਲਾਲ ਲਕੀਰ ਅੰਦਰ ਸਥਿਤ ਇਸ ਕਿਲ੍ਹੇ ਦੀ ਮਾਲਕੀ ਨਾਲ ਸਬੰਧਤ ਕੋਈ ਵੀ ਦਸਤਾਵੇਜ਼ੀ ਸਬੂਤ ਉਨ੍ਹਾਂ ਕੋਲ ਨਹੀਂ ਸੀ, ਜਿਸ ਕਰਕੇ ਕਿਰਤੀ ਕਿਸਾਨ ਮੋਰਚਾ, ਪੰਜਾਬ ਸਟੂਡੈਂਟਸ ਯੂਨੀਅਨ ਤੇ ਹੋਰ ਜਥੇਬੰਦੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਕਿਲ੍ਹੇ ਦੀ ਸੇਵਾ ਸੰਭਾਲ ਲਈ ਜਾਂ ਤਾਂ ਕੋਈ ਟਰੱਸਟ ਬਣਾਇਆ ਜਾਵੇ ਜਾਂ ਫਿਰ ਕਿਸੇ ਸਿੱਖ ਜਥੇਬੰਦੀ ਦੇ ਹਵਾਲੇ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਬੁੱਢਾ ਦਲ ਨੇ ਨਿਹੰਗ ਖਾਂ ਦੇ ਕਿਲ੍ਹੇ ਦੀ ਸੇਵਾ ਸੰਭਾਲ ਦਾ ਜ਼ਿੰਮਾ ਸੰਭਾਲ ਲਿਆ ਹੈ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਨੇ ਅੱਜ ਬੁੱਢਾ ਦਲ ਜਥੇਬੰਦੀ ਨਾਲ ਸਹਿਮਤੀ ਪ੍ਰਗਟਾਉਂਦਿਆਂ ਅਪੀਲ ਕੀਤੀ ਹੈ ਕਿ ਕਿਲ੍ਹੇ ਦੇ ਨਵੀਨੀਕਰਨ ਸਮੇਂ ਇਤਿਹਾਸਿਕ ਕਿਲ੍ਹੇ ਦੀ ਪੁਰਾਤਨ ਦਿੱਖ ਨੂੰ ਬਰਕਰਾਰ ਰੱਖਿਆ ਜਾਵੇ।
ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਿਹੰਗ ਖਾਂ ਦੀਆਂ ਕਬਰਾਂ ਵਾਲੀਆਂ ਜਗ੍ਹਾ ਤੇ ਲੋਕਾਂ ਦੁਆਰਾ ਕੀਤੇ ਨਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾਵੇ। ਮੀਟਿੰਗ ਦੌਰਾਨ ਪੰਜਾਬ ਸਟੂਡੈਂਟਸ ਯੂਨੀਅਨ ਆਗੂ ਕਮਲਦੀਪ ਕੌਰ, ਬੀਕੇਯੂ (ਕਾਦੀਆਂ) ਆਗੂ ਰੁਪਿੰਦਰ ਸਿੰਘ ਖੁਆਸਪੁਰਾ, ਦਵਿੰਦਰ ਸਰਥਲੀ, ਸਰਪੰਚ ਰਣਜੀਤ ਸਿੰਘ ਅਤੇ ਬੁੱਢਾ ਦਲ ਜਥੇਬੰਦੀ ਦੇ ਪ੍ਰਤੀਨਿਧੀ ਬਾਬਾ ਗੁਰਪ੍ਰੀਤ ਸਿੰਘ ਹਾਜ਼ਰ ਸਨ। ਜਥੇਬੰਦੀਆਂ ਵੱਲੋਂ ਬੁੱਢਾ ਦਲ ਨਾਲ ਸਹਿਮਤੀ ਪ੍ਰਗਟਾਉਣ ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਸੁਖ ਦਾ ਸਾਹ ਲਿਆ ਹੈ।