ਮਿਹਰ ਸਿੰਘ
ਕੁਰਾਲੀ, 1 ਨਵੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੋਰਿੰਡਾ ਰੋਡ ’ਤੇ ਸਥਿਤ ਕਲਸੀ ਫਾਰਮ ’ਚ ਵਿਧਾਨ ਸਭਾ ਹਲਕਾ ਖਰੜ ਤੋਂ ਉਮੀਦਵਾਰ ਰਣਜੀਤ ਸਿੰਘ ਗਿੱਲ ਦੇ ਹੱਕ ’ਚ ਇਕੱਤਰਤਾ ਕੀਤੀ। ਇਸ ਦੌਰਾਨ ਸੁਖਬੀਰ ਨੇ ਕਿਹਾ ਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਨੇ ਪੰਜਾਬ ਨੂੰ ਵਿਕਾਸ ਅਤੇ ਭਾਈਚਾਰਕ ਸਾਂਝ ਪੱਖੋਂ ਪਿੱਛੇ ਧੱਕ ਦਿੱਤਾ ਹੈ। ਕਾਂਗਰਸ ਦੀ ਇਹ ਫੁੱਟ ਪੰਜਾਬ ਲਈ ਮਹਿੰਗੀ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰ ਵਰਗ ਨੂੰ ਅਹਿਮੀਅਤ ਦਿੰਦਿਆਂ ਸਰਬਪੱਖੀ ਵਿਕਾਸ ਕੀਤਾ ਪਰ ਕਾਂਗਰਸ ਸਰਕਾਰ ਚਲਾਉਣ ’ਚ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਸੂਬੇ ’ਚ ਮੁੜ ਅਕਾਲੀ ਦਲ ਦੀ ਸਰਕਾਰ ਵੇਖਣਾ ਚਾਹੁੰਦਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੀ ਨੁਮਾਇੰਦਗੀ ਕਰਦਿਆਂ ਪਾਰਟੀ ਆਗੂ ਚਰਨਜੀਤ ਸਿੰਘ ਕਾਲੇਵਾਲ ਨੇ ਆਪਣੀਆਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦੱਸੀਆਂ। ਸੁਖਬੀਰ ਨੇ ਸੂਬੇ ਵਿੱਚ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ’ਤੇ ਉਨ੍ਹਾਂ ਦੀਆਂ ਸਮੱਸਿਆਂ ਹੱਲ ਕਰਨ ਦਾ ਭਰੋਸਾ ਦਿੱਤਾ।
ਇਸੇ ਤਰ੍ਹਾਂ ਸ਼ੈੱਲਰ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਖੇੜਾ ਵਲੋਭ ਵੱਲੋਂ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਸੁਖਬੀਰ ਨੇ ਕਿਹਾ ਕਿ 2022 ਵਿੱਚ ਸਰਕਾਰ ਬਣਨ ’ਤੇ ਸ਼ੈਲਰ ਮਾਲਕਾਂ ਅਤੇ ਆੜ੍ਹਤੀਆਂ ਦੀਆਂ ਸਮੁੱਚੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ।
ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ
ਇਕੱਤਰਤਾ ਮਗਰੋਂ ਸੁਖਬੀਰ ਨੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਦੌਰਾਨ ਜਸਪਾਲ ਸਿੰਘ ਵਜੀਦਪੁਰ ਨੇ ਕਮਿਊਨਿਟੀ ਸੈਂਟਰ ਦੀ ਮੰਗ ਕੀਤੀ ਅਤੇ ਇਸ ਸਬੰਧੀ ਆਪਣੇ ਪਿੰਡ ਦੀ ਸ਼ਾਮਲਾਟ ਜ਼ਮੀਨ ਦੇਣ ਦੀ ਵੀ ਤਜਵੀਜ਼ ਰੱਖੀ। ਡਾ. ਠਾਕੁਰਜੀਤ ਸਿੰਘ ਨੇ ਡਾਕਟਰ ਜਥੇਬੰਦੀਆਂ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ। ਇਸ ਤੋਂ ਇਲਾਵਾ ਪੰਜਾਬ ਘਾੜ ਕਮੇਟੀ ਦੇ ਸੀਨੀਅਰ ਆਗੂ ਦਿਲਬਾਗ ਸਿੰਘ ਮੀਆਂਪੁਰ ਨੇ ਘਾੜ ਇਲਾਕੇ ਦੇ ਪਿੰਡਾਂ ਦੀਆਂ ਸਮੱਸਿਆਵਾਂ ਅਤੇ ਇੰਡਸਟਰੀ ਐਸੋਸੀਏਸ਼ਨ ਚਨਾਲੋਂ-ਬੰਨ੍ਹਮਾਜਰਾ ਦੇ ਆਗੂ ਗੁਰਮੇਲ ਸਿੰਘ ਪਾਬਲਾ ਨੇ ਸਨਅਤੀ ਸਮੱਸਿਆਵਾਂ ਸਬੰਧੀ ਸੁਖਬੀਰ ਨੂੰ ਮੰਗ ਪੱਤਰ ਸੌਂਪਿਆ।