ਅੰਮ੍ਰਿਤਸਰ (ਟਨਸ): ਸਿੱਖ ਜਥੇਬੰਦੀ ਦਲ ਖਾਲਸਾ ਨੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ ਪਾਲ ਸਿੰਘ ਪੁਰੇਵਾਲ ਦੇ ਕੈਨੇਡਾ ਵਿੱਚ ਹੋਏ ਅਕਾਲ ਚਲਾਣੇ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਪਾਰਟੀ ਆਗੂਆਂ ਕੰਵਰਪਾਲ ਸਿੰਘ ਅਤੇ ਪਰਮਜੀਤ ਸਿੰਘ ਮੰਡ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੂਲ ਕੈਲੰਡਰ ਨੂੰ ਮੁੜ ਬਹਾਲ (ਲਾਗੂ) ਕਰਨ ਦਾ ਅਧੂਰਾ ਕਾਰਜ ਪੂਰਾ ਕੀਤਾ ਜਾਵੇਗਾ ਅਤੇ ਇਸ ਸਬੰਧੀ ਜੱਦੋ-ਜਹਿਦ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਵੱਖਰੀ ਪਛਾਣ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਦੇ ਮਾਰਚ 2003 ਵਿੱਚ ਲਾਗੂ ਹੋਣ ਤੋਂ ਅੱਠ ਵਰ੍ਹਿਆਂ ਬਾਅਦ ਸ਼੍ਰੋਮਣੀ ਕਮੇਟੀ ਤੇ ਅਕਾਲ ਤਖ਼ਤ ਨੇ ਇਕ ਪਰਿਵਾਰ ਦੇ ਹੁਕਮਾਂ ’ਤੇ ਸੋਧਾਂ ਦੇ ਨਾਮ ਹੇਠ ਉਸ ਦੀ ਅਸਲ ਭਾਵਨਾ ਤੇ ਮੂਲ ਸਰੂਪ ਦਾ ਕਤਲ ਕਰ ਦਿੱਤਾ ਸੀ। ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਵੀ ਸ੍ਰੀ ਪੁਰੇਵਾਲ ਦੇ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ।