ਆਤਿਸ਼ ਗੁਪਤਾ/ਸਤਪਾਲ ਰਾਮਗੜ੍ਹੀਆ
ਚੰਡੀਗੜ੍ਹ/ਪਿਹੋਵਾ, 6 ਜੁਲਾਈ
ਮੁੱਖ ਅੰਸ਼
- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਆਹ ਸਮਾਗਮ ਵਿਚ ਕਰਨਗੇ ਸ਼ਿਰਕਤ
- ਪਿਹੋਵਾ ਦੇ ਕਿਸਾਨ ਪਰਿਵਾਰ ਦੀ ਧੀ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲੈਣਗੇ ਮੁੱਖ ਮੰਤਰੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਲਕੇ ਵਿਆਹ ਦੇ ਬੰਧਨ ’ਚ ਬੱਝਣਗੇ। ਉਨ੍ਹਾਂ ਦਾ ਵਿਆਹ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਡਾ. ਗੁਰਪ੍ਰੀਤ ਕੌਰ (28 ਸਾਲ) ਨਾਲ ਹੋਵੇਗਾ। ਵਿਆਹ ਸਮਾਗਮ ਵਿੱਚ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਵਿਆਹ ਸਮਾਗਮ ਵਿੱਚ ਬਹੁਤ ਘੱਟ ਮਹਿਮਾਨਾਂ ਨੂੰ ਹੀ ਸੱਦਿਆ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (48 ਸਾਲ) ਦੀ ਹੋਣ ਵਾਲੀ ਪਤਨੀ ਹਰਿਆਣਾ ਦੇ ਪਿਹੋਵਾ ਖੇਤਰ ਦੇ ਪਿੰਡ ਮਦਨਪੁਰ ਦੇ ਕਿਸਾਨ ਇੰਦਰਜੀਤ ਸਿੰਘ ਨੱਤ ਧੀ ਹੈ। ਧੀ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਪੂਰਾ ਪਰਿਵਾਰ ਚੰਡੀਗੜ੍ਹ ਪਹੁੰਚ ਚੁੱਕਾ ਹੈ। ਪਰਿਵਾਰ ਵਿਚ ਡਾ. ਗੁਰਪ੍ਰੀਤ ਦੀਆਂ ਤਿੰਨ ਭੈਣਾਂ ਹਨ। ਉਨ੍ਹਾਂ ਦੀ ਵੱਡੀ ਭੈਣ ਨੀਰੂ ਅਮਰੀਕਾ ਵਿੱਚ ਵਿਆਹੀ ਹੋਈ ਹੈ ਜਦਕਿ ਦੂਜੀ ਭੈਣ ਆਪਣੇ ਪਰਿਵਾਰ ਨਾਲ ਆਸਟਰੇਲੀਆ ’ਚ ਰਹਿੰਦੀ ਹੈ। ਮੁੱਖ ਮੰਤਰੀ ਦੀ ਹੋਣ ਵਾਲੀ ਪਤਨੀ ਨੇ 2013 ਵਿਚ ਮੁਲਾਣਾ ਮੈਡੀਕਲ ਕਾਲਜ (ਅੰਬਾਲਾ) ਵਿੱਚ ਦਾਖਲਾ ਲਿਆ ਸੀ ਅਤੇ 2017 ਵਿੱਚ ਐਮਬੀਬੀਐੱਸ ਕੀਤੀ। ਪਿੰਡ ਮਦਨਪੁਰ ਦਾ ਰਹਿਣ ਵਾਲਾ ਇਹ ਪਰਿਵਾਰ ਪਿਛਲੇ ਕਈ ਸਾਲਾਂ ਤੋਂ ਪਿਹੋਵਾ ਦੀ ਤਿਲਕ ਕਲੋਨੀ ਵਿੱਚ ਰਹਿ ਰਿਹਾ ਹੈ। ਡਾ. ਗੁਰਪ੍ਰੀਤ ਦਾ ਜਨਮ ਅਤੇ ਪਾਲਣ-ਪੋਸ਼ਣ ਪਿਹੋਵਾ ਵਿੱਚ ਹੀ ਹੋਇਆ ਹੈ। ਪਿਤਾ ਇੰਦਰਜੀਤ ਸਿੰਘ ਦੀ ਪਿੰਡ ਗੁੰਮਥਲਗੜ੍ਹ ਨੇੜੇ ਕਰੀਬ 40 ਏਕੜ ਜ਼ਮੀਨ ਹੈ। ਗੁਮਥਲਗੜ੍ਹ ਨੇੜੇ ਉਨ੍ਹਾਂ ਦਾ ਨੱਤ ਫਾਰਮ ਨਾਂ ਦਾ ਡੇਰਾ ਹੈ। ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਵੀ ਹੈ। ਵਿਆਹ ਦੀ ਜਾਣਕਾਰੀ ਜਨਤਕ ਹੋਣ ਤੋਂ ਬਾਅਦ ਕਸਬੇ ਦੇ ਹਰ ਗਲੀ-ਮੋੜ ’ਤੇ ਇਹੀ ਚਰਚਾ ਚੱਲ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਿਹੋਵਾ ਇਲਾਕੇ ਦੇ ਜਵਾਈ ਬਣਨ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਡਾ. ਗੁਰਪ੍ਰੀਤ ਕੌਰ ਤੇ ਭਗਵੰਤ ਸਿੰਘ ਮਾਨ ਤਿੰਨ-ਚਾਰ ਸਾਲ ਤੋਂ ਇਕ-ਦੂਜੇ ਨੂੰ ਜਾਣਦੇ ਹਨ। ਉਸ ਵੇਲੇ ਭਗਵੰਤ ਸਿੰਘ ਮਾਨ ਸੰਗਰੂਰ ਤੋਂ ਲੋਕ ਸਭਾ ਮੈਂਬਰ ਸਨ। ਭਗਵੰਤ ਮਾਨ ਦੀ ਮਾਂ ਅਤੇ ਭੈਣ ਦੀ ਵੀ ਡਾ. ਗੁਰਪ੍ਰੀਤ ਕੌਰ ਨਾਲ ਜਾਣ-ਪਛਾਣ ਹੈ।
ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਤੀ ਵਧਾਈ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵਿਆਹ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਆਹ ਤੋਂ ਬਾਅਦ ਮੁੱਖ ਮੰਤਰੀ ਆਪਣੇ ਨਵੇਂ ਜੀਵਨ ਦੀ ਸ਼ੁਰੂਆਤ ਕਰਨਗੇ। ਵੜਿੰਗ ਨੇ ਟਵੀਟ ਕਰਦਿਆਂ ਮਾਨ ਨੂੰ ਵਧਾਈ ਦਿੱਤੀ ਹੈ। ਇਸੇ ਤਰ੍ਹਾਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਮਾਨ ਨੂੰ ਵਿਆਹ ਲਈ ਵਧਾਈ ਦਿੱਤੀ ਹੈ।
ਪਹਿਲੀ ਪਤਨੀ ਨਾਲ 2015 ’ਚ ਹੋ ਗਿਆ ਸੀ ਤਲਾਕ
ਮੁੱਖ ਮੰਤਰੀ ਭਗਵੰਤ ਸਿੰਘ ਮਾਨ (48) ਦਾ ਪਹਿਲਾ ਵਿਆਹ ਇੰਦਰਪ੍ਰੀਤ ਕੌਰ ਨਾਲ ਹੋਇਆ ਸੀ। ਕੁਝ ਆਪਸੀ ਮਤਭੇਦਾਂ ਕਾਰਨ ਸਾਲ 2015 ਵਿੱਚ ਦੋਵਾਂ ਦਾ ਤਲਾਕ ਹੋ ਗਿਆ ਸੀ। ਉਸ ਤੋਂ ਬਾਅਦ ਇੰਦਰਪ੍ਰੀਤ ਕੌਰ ਅਮਰੀਕਾ ਚਲੀ ਗਈ ਸੀ। ਭਗਵੰਤ ਮਾਨ ਦੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਤੋਂ ਦੋ ਬੱਚੇ ਪੁੱਤਰ ਦਿਲਸ਼ਾਨ ਅਤੇ ਧੀ ਸੀਰਤ ਹਨ। ਉਹ ਦੋਵੇਂ ਆਪਣੀ ਮਾਂ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਹਾਲਾਂਕਿ 16 ਮਾਰਚ 2022 ਨੂੰ ਭਗਵੰਤ ਸਿੰਘ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਦੋਵੇਂ ਬੱਚੇ ਪਹੁੰਚੇ ਸਨ। ਉਨ੍ਹਾਂ 19 ਮਾਰਚ ਨੂੰ ‘ਆਪ’ ਸਰਕਾਰ ਦੇ ਕੈਬਨਿਟ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਹਿੱਸਾ ਲਿਆ ਸੀ।